ਰੋਟੇਸ਼ਨ ਪਾਲਿਸੀ ਦੇ ਉਲਟ ਬਦਲੀਆਂ ਰੱਦ ਕਰਨ ਦੀ ਮੰਗ
ਪੀ ਐੱਸ ਈ ਬੀ ਇੰਜਨੀਅਰ ਐਸੋਸੀਏਸ਼ਨ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਇੰਜਨੀਅਰਾਂ ਨੇ ਪਾਵਰਕੌਮ ਦੇ ਪ੍ਰਬੰਧਕਾਂ ਵੱਲੋਂ ਕਥਿਤ ਰਾਜਨੀਤਕ ਦਬਾਅ ਹੇਠ ਰੋਟੇਸ਼ਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਦੋ ਇੰਜਨੀਅਰਾਂ ਦੀ ਕੀਤੀ ਗਈ ਬਦਲੀ ਦੇ ਰੋਸ ਵਜੋਂ ਰੈਲੀ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਖੇਤਰੀ ਸਕੱਤਰ ਇੰਜਨੀਅਰ ਕੁਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਥਰਮਲ ਪਲਾਂਟ ਵਿੱਚ ਪਿਛਲੇ 15 ਸਾਲਾਂ ਤੋਂ ਇੱਕ ਰੋਟੇਸ਼ਨ ਪਾਲਿਸੀ ਬਣੀ ਹੋਈ ਹੈ, ਜਿਸ ਅਧੀਨ ਇੰਜਨੀਅਰਾਂ ਦੀ ਸ਼ਿਫਟਾਂ ਅਤੇ ਜਨਰਲ ਡਿਊਟੀ ਵਿੱਚ ਬਦਲੀ ਸਬੰਧੀ ਪਾਰਦਰਸ਼ੀ ਨਿਯਮ ਤੈਅ ਕੀਤੇ ਹੋਏ ਹਨ। ਇਸ ਪਾਲਸੀ ਅਧੀਨ ਇੰਜੀਨੀਅਰ ਥਰਮਲ ਪਲਾਂਟ ਵਿੱਚ ਆਪਣੀ ਸੀਟ ਤੇ ਇੱਕ ਨਿਰਧਾਰਤ ਸਮੇਂ ਤੱਕ ਟਿਕੇ ਰਹਿ ਕੇ ਆਪਣੇ ਕੰਮ ਵਿੱਚ ਨਿਪੁੰਨਤਾ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਪ੍ਰਬੰਧਕਾਂ ਨੇ 24 ਨਵੰਬਰ ਨੂੰ ਰਾਜਨੀਤਿਕ ਦਬਾਅ ਅਧੀਨ ਦੋ ਇੰਜਨੀਅਰਾਂ ਦੀ ਬਦਲੀ ਦੇ ਹੁਕਮ ਲਾਗੂ ਕਰ ਦਿੱਤੇ ਹਨ। ਸਮੂਹ ਇੰਜਨੀਅਰਾਂ ਨੇ ਇੱਕ ਦਸਤਖਤੀ ਮੁਹਿੰਮ ਚਲਾ ਕੇ ਪਾਵਰਕੌਮ ਦੇ ਮੌਜੂਦਾ ਸੀ ਐਮ ਡੀ ਬਸੰਤ ਗਰਗ ਨੂੰ ਪੱਤਰ ਵੀ ਲਿਖਿਆ ਹੈ, ਪਰ ਪ੍ਰਬੰਧਕਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਲਟਾ ਇੰਜੀਨੀਅਰਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਕਿ ਜੇ ਇਨ੍ਹਾਂ ਬਦਲੀਆਂ ਦੇ ਹੁਕਮ ਰੱਦ ਨਾ ਕੀਤੇ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਨਾਲ ਜੇਕਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਵੇਗੀ।
