ਪੰਜਾਬ ਸਟੂਡੈਂਟਸ ਯੂਨੀਅਨ (ਪੀ ਐੱਸ ਯੂ) ਦੀ ਅਗਵਾਈ ਹੇਠ ਐੱਸ ਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਵਿਦਿਆਰਥੀ ਦਸਤਖ਼ਤ ਮੁਹਿੰਮ ਚਲਾ ਕੇ ਵਿਦਿਆਰਥੀਆਂ ਤੋਂ ਪੂਰੀ ਸਹਿਮਤੀ ਲਈ ਗਈ ਸੀ। ਇਸ ਮੌਕੇ ਪੀ ਐੱਸ ਯੂ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਵਿਦਿਆਰਥੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਮੰਗ ਪੱਤਰ ਵਿੱਚ ਮੁੱਖ ਤੌਰ ’ਤੇ ਮੰਗ ਕੀਤੀ ਗਈ ਕਿ ਕਾਲਜ ਵਿੱਚ ਖ਼ਰਾਬ ਪੱਖਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਲਈ ਵਾਟਰ ਕੂਲਰਾਂ ਦੇ ਪ੍ਰਬੰਧ ਨੂੰ ਦਰੁਸਤ ਕੀਤਾ ਜਾਵੇ। ਵਿਦਿਆਰਥੀਆਂ ਨੇ ਜਰਨਲਿਜ਼ਮ ਵਿਭਾਗ ਵਿੱਚ ਨਵਾਂ ਵਾਟਰ ਕੂਲਰ ਲਾਉਣ ਅਤੇ ਪਖਾਨਿਆਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਕਾਲਜ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੀ ਵਾਹਨ ਪਾਰਕਿੰਗ ਲਈ ਸ਼ੈੱਡ ਬਣਾ ਕੇ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ ਲਗਾਉਣ ਅਤੇ ਕੈਂਪਸ ਵਿੱਚ ਵਿਦਿਆਰਥੀਆਂ ਦੇ ਬੈਠਣ ਦੀ ਆਜ਼ਾਦੀ ਦੇਣ ਦੀ ਮੰਗ ਵੀ ਜ਼ੋਰ-ਸ਼ੋਰ ਨਾਲ ਉਠਾਈ ਗਈ।
ਕਾਲਜ ਪ੍ਰਿੰਸੀਪਲ ਰਮਾ ਸ਼ਰਮਾ ਨੇ ਵਿਦਿਆਰਥੀ ਵਫ਼ਦ ਤੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਸਾਰੇ ਮਸਲਿਆਂ ਦਾ ਜਲਦੀ ਅਤੇ ਢੁਕਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਬਾ ਦਿਓਲ, ਹੀਰਾ ਸਿੰਘ, ਬੇਅੰਤ ਕੌਰ, ਖੁਸ਼ੀ, ਜਸਵੀਰ ਸਿੰਘ ਜੋਗਾ ਅਤੇ ਗੁਰਪਿਆਸ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

