Pendu Mazdoor Union ਦਾ ਡੈਲੀਗੇਟ ਇਜਲਾਸ ਸਮਾਪਤ
ਹਰਜਿੰਦਰ ਸਿੰਘ ਭਲੂਰ ਪ੍ਰਧਾਨ, ਪੱਪੂ ਸਿੰਘ ਮੀਤ ਪ੍ਰਧਾਨ ਅਤੇ ਪਰਮਜੀਤ ਸਿੰਘ ਸਕੱਤਰ ਚੁਣੇ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਬਲਾਕ ਡੈਲੀਗੇਟ ਇਜਲਾਸ ਸਥਾਨਕ ਯਾਦਗਾਰ ਹਾਲ ਪਿੰਡ ਰੋਡੇ ਵਿੱਚ ਉਤਸ਼ਾਹ ਨਾਲ ਸਮਾਪਤ ਹੋਇਆ। ਇਸ ਮੌਕੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਮਜ਼ਦੂਰਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਰਬਸੰਮਤੀ ਨਾਲ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਹਰਜਿੰਦਰ ਸਿੰਘ ਭਲੂਰ ਨੂੰ ਪ੍ਰਧਾਨ, ਪੱਪੂ ਸਿੰਘ ਬਾਘਾਪੁਰਾਣਾ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਜੈਮਲਵਾਲਾ ਨੂੰ ਸਕੱਤਰ ਅਤੇ ਸੁਖਮੰਦਰ ਸਿੰਘ ਵੈਰੋਕੇ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਹਰਬੰਸ ਸਿੰਘ ਰੋਡੇ, ਨਿਰਮਲ ਸਿੰਘ, ਸੁਖਪ੍ਰੀਤ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਪਰਮਾ ਅਤੇ ਕੁਲਵਿੰਦਰ ਸਿੰਘ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਯੂਨੀਅਨ ਆਗੂਆਂ ਨੇ ਡੈਲੀਗੇਟਾਂ ਨੂੰ ਸਬੋਧਨ ਕਰਦਿਆਂ ਮਜ਼ਦੂਰ ਜਮਾਤ ਨੂੰ ਜ਼ਮੀਨ ਦੇ ਸਵਾਲ ’ਤੇ ਅੰਦੋਲਨ ਛੇੜਨ ਦਾ ਸੱਦਾ ਦਿੱਤਾ। ਆਗੂਆਂ ਨੇ ਦੋਸ਼ ਲਾਇਆ ਕਿ ਖੇਤਾਂ ਅਤੇ ਸਨਅਤਾਂ ਵਿੱਚ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੰਮ ਦੇ ਘੰਟੇ ਵਧਾ ਕੇ ਕਿਰਤ ਨੂੰ ਹੋਰ ਨਪੀੜਨ ਦੇ ਮਨਸੂਬੇ ਘੜੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਦਿਹਾੜੀ ਇੱਕ ਹਜ਼ਾਰ ਰੁਪਏ ਅਤੇ ਮਾਸਿਕ ਤਨਖ਼ਾਹ ਤੀਹ ਹਜ਼ਾਰ ਰੁਪਏ ਕੀਤੀ ਜਾਵੇ, ਪੰਚਾਇਤੀ ਜ਼ਮੀਨਾਂ ਦੇ ਠੇਕਿਆਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ ਅਤੇ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ। ਸੀਨੀਅਰ ਆਗੂ ਹਰਬੰਸ ਸਿੰਘ ਰੋਡੇ ਨੇ ਧੰਨਵਾਦ ਕੀਤਾ।

