ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 3 ਜੂਨ
ਮਾਲਵੇ ਦੇ ਛੇ ਤੋਂ ਵੱਧ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਪਣੀ ਸਿਹਤ ਖ਼ਰਾਬ ਹੈ। ਕੇਂਦਰ ਅਤੇ ਭਾਰਤ ਸਰਕਾਰ ਨੇ ਬੇਸ਼ੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਕਾਇਆ ਕਲਪ ਲਈ ਪਿਛਲੇ ਤਿੰਨ ਸਾਲਾਂ ਦੌਰਾਨ 1000 ਕਰੋੜ ਤੋਂ ਵੱਧ ਦੀ ਰਕਮ ਭੇਜੀ ਹੈ ਪ੍ਰੰਤੂ ਇਸ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਅਹਾਤੇ ਦੀਆਂ ਸਾਰੀਆਂ ਸੜਕਾਂ ਉੱਪਰ ਸ਼ਾਮ ਹੋਣ ਸਾਰ ਹਨੇਰਾ ਛਾ ਜਾਂਦਾ ਹੈ। ਸੜਕਾਂ ਉੱਪਰ ਲੱਗੀਆਂ ਮਹਿੰਗੀਆਂ ਲਾਈਟਾਂ ਰਾਤ ਨੂੰ ਨਹੀਂ ਜੱਗਦੀਆਂ। ਮੈਡੀਕਲ ਕਾਲਜ ਦੇ ਨਾਲ ਹੀ ਬਾਬਾ ਫਰੀਦ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਹੈ ਜਿੱਥੇ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਦੀਆਂ 180 ਵਿਦਿਆਰਥਣਾਂ ਪੜ੍ਹਦੀਆਂ ਹਨ ਅਤੇ ਰਾਤ ਸਮੇਂ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਕੰਮ ਕਰਦੀਆਂ ਹਨ ਪ੍ਰੰਤੂ ਜਿਨ੍ਹਾਂ ਰਸਤਿਆਂ ਉੱਪਰੋਂ ਇਨ੍ਹਾਂ ਕੁੜੀਆਂ, ਸਟਾਫ ਨਰਸਾਂ, ਡਾਕਟਰਾਂ ਅਤੇ ਮਰੀਜ਼ਾਂ ਨੇ ਗੁਜ਼ਰਨਾ ਹੁੰਦਾ ਹੈ ਉੱਥੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸੇ ਕਰਕੇ ਪਿਛਲੇ ਦਿਨਾਂ ਵਿੱਚ ਗੁਰੂ ਕਾਲਜ ਦੇ ਅਹਾਤੇ ਅੰਦਰ ਅਤੇ ਬਾਹਰੋਂ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਹੋਣ ਦੀ ਸੂਚਨਾ ਮਿਲੀ ਹੈ। ਹਨੇਰੇ ਦਾ ਫਾਇਦਾ ਉਠਾ ਕੇ ਚੋਰਾਂ ਨੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਦੇ ਲਗਪਗ ਹਰ ਵਿਭਾਗ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਹੈ। ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਹਨੇਰਾ ਰਹਿਣ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਸਭ ਤੋਂ ਵੱਧ ਪਰੇਸ਼ਾਨ ਹਨ ਜਿਨ੍ਹਾਂ ਨੇ ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਨੂੰ ਲਿਖਤੀ ਮੰਗ ਪੱਤਰ ਵੀ ਦਿੱਤਾ ਹੈ। ਡੱਬੀ::::
ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਚੋਰੀ ਦੀਆਂ ਪਿਛਲੇ ਦਿਨਾਂ ਵਿੱਚ ਵੱਡੀ ਪੱਧਰ 'ਤੇ ਘਟਨਾਵਾਂ ਵਾਪਰੀਆਂ ਹਨ ਇਸ ਕਰਕੇ ਹਸਪਤਾਲ ਤੇ ਮੈਡੀਕਲ ਕਾਲਜ ਦੀ ਸਾਰੀ ਚਾਰਦੀਵਾਰੀ ਨੂੰ ਮਜ਼ਬੂਤ ਕਰਕੇ ਇਸ ਉੱਪਰ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਸਪਤਾਲ ਅਤੇ ਮੈਡੀਕਲ ਕਾਲਜ ਦੀਆਂ ਸਾਰੀਆਂ ਲਾਈਟਾਂ ਨੂੰ ਸੁਚਾਰੂ ਢੰਗ ਨਾਲ ਚਲਾ ਦਿੱਤਾ ਜਾਵੇਗਾ ਤਾਂ ਜੋ ਮਰੀਜ਼ਾਂ, ਸਿਹਤ ਅਮਲੇ ਅਤੇ ਡਾਕਟਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।