ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਨਵੰਬਰ
ਇਥੇ ਥਾਣਾ ਸਦਰ ਅਧੀਨ ਪਿੰਡ ਸੱਦਾ ਸਿੰਘ ਵਾਲਾ ਵਿੱਚ ਵਿਆਹੁਤਾ ਦੀ ਭੇਤ-ਭਰੀ ਹਾਲਤ ਵਿੱਚ ਮੌਤ ਬਾਅਦ ਮ੍ਰਿਤਕ ਦੇ ਪੇਕਾ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਵਾਉਣ ਲਈ ਲਾਸ਼ ਥਾਣੇ ਮੂਹਰੇ ਰੱਖ ਕੇ ਧਰਨਾ ਦਿੱਤਾ ਗਿਆ। ਥਾਣਾ ਸਦਰ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਵਿਆਹੁਤਾ ਮ੍ਰਿਤਕਾ ਮਨਪ੍ਰੀਤ ਕੌਰ ਦੇ ਪਤੀ ਜਗਸੀਰ ਸਿੰਘ, ਸੱਸ ਮਨਜੀਤ ਕੌਰ ਅਤੇ ਨਨਾਣ ਕੁਲਵੰਤ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਪਤੀ ਉੱਤੇ ਕੋਈ ਜ਼ਹਿਰਲੀ ਦਵਾਈ ਦੇ ਕੇ ਹੱਤਿਆ ਕਰਨ ਦਾ ਦੋਸ਼ ਹੈ। ਪੁਲੀਸ ਮੁਤਾਬਕ ਵਿਆਹੁਤਾ ਮਨਪ੍ਰੀਤ ਕੌਰ ਦਾ ਮੁਲਜ਼ਮ ਜਗਸੀਰ ਸਿੰਘ ਨਾਲ ਕਰੀਬ 8 ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਪੁੱਤਰ ਅਤੇ ਧੀ ਹਨ। ਮ੍ਰਿਤਕਾ ਦਾ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਨਾਲ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਰਹੀ ਸੀ ਅਤੇ ਉਸਦੀ ਹੱਤਿਆ ਕੀਤੀ ਗਈ ਹੈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੇਟੀ ‘ਚੋਂ ਮਿਲੀ ਬੱਚੀ ਦੀ ਭੂਆ ਖ਼ਿਲਾਫ਼ ਕੇਸ ਦਰਜ
ਮਾਨਸਾ (ਪੱਤਰ ਪ੍ਰੇਰਕ) ਮਾਨਸਾ ਜ਼ਿਲ੍ਹੇ ਦੇ ਪਿੰਡ ਰੜ੍ਹ ‘ਚ ਭੂਆ ਦੀ ਕੁੱਟਮਾਰ ਦੇ ਡਰੋਂ ਦੋ ਦਿਨ ਪੇਟੀ ‘ਚ ਬੰਦ ਰਹੀ 11 ਸਾਲਾ ਬੱਚੀ ਦੀ ਜਾਨ ਬਚਾਉਣ ਤੋਂ ਬਾਅਦ ਮਾਨਸਾ ਦੇ ਵਿਧਾਇਕ ਵੱਲੋਂ ਮੁੱਦਾ ਚੁੱਕਣ ਉਪਰੰਤ ਪੁਲੀਸ ਨੇ ਬੱਚੀ ਦੀ ਭੂਆ (ਮੂੰਹ ਬੋਲੀ ਮਾਂ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿੱਚ ਹਾਲੇ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ। ਦੋ ਦਿਨ ਪਹਿਲਾਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਪਿੰਡ ਰੜ੍ਹ ਦੀ ਇੱਕ ਬੱਚੀ ਦੀ ਜਾਨ ਬਚਾਈ ਸੀ, ਜੋ ਆਪਣੀ ਭੂਆ ਦੀ ਕੁੱਟਮਾਰ ਦੇ ਡਰੋਂ ਕੱਪੜਿਆਂ ਵਾਲੀ ਪੇਟੀ ‘ਚ ਲੁਕ ਗਈ ਤੇ ਉਥੇ ਹੀ ਬੇਹੋਸ਼ ਪਈ ਰਹੀ। ਪਿੰਡ ਵਾਸੀਆਂ ਨੇ ਇਹ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆਉਣ ਮਗਰੋਂ ਪੁਲੀਸ ਦੀ ਮੱਦਦ ਨਾਲ ਬੱਚੀ ਨੂੰ ਭਾਲ ਕੇ ਤੇ ਬਾਅਦ ਵਿੱਚ ਉਸਦਾ ਡਾਕਟਰੀ ਮੁਆਇਨਾ ਕਰਵਾਕੇ ਉਸਦੀ ਜਾਨ ਬਚਾਈ। ਥਾਣਾ ਜ਼ੋਗਾ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੱਚੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਭੂਆ ਕੋਲ ਰਹਿੰਦੀ ਤੇ ਉਸ ਨੂੰ ਹੀ ਆਪਣੀ ਮਾਂ ਮੰਨਦੀ ਹੈ। ਉਨ੍ਹਾਂ ਕਿਹਾ ਕਿ ਉਸ ਵੱਲੋਂ ਬੱਚੀ ਦੀ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਜੋਗਾ ਪੁਲੀਸ ਕੁੱਟਮਾਰ ਕਰਨ ਤਹਿਤ ਚਿਲਡਰਨ ਐਕਟ ਅਧੀਨ ਸੁਨੀਤਾ ਰਾਣੀ ਵਾਸੀ ਰੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।