ਪੱਤਰ ਪ੍ਰੇਰਕ
ਮਾਨਸਾ, 26 ਸਤੰਬਰ
ਮਾਨਸਾ ਦੇ ਵਾਟਰ ਵਰਕਸ ਰੋਡ ’ਤੇ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਪਰਮਿੰਦਰ ਸਿੰਘ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਨਸ਼ੇ ਨਾਲ ਨੌਜਵਾਨ ਪਰਮਿੰਦਰ ਸਿੰਘ ਦੀ ਮੌਤ ਮਗਰੋਂ ਪਰਿਵਾਰ ਨਾਲ ਖੜ੍ਹਦਿਆਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਤਸਕਰਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਮ੍ਰਿਤਕ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ। ਕਮੇਟੀ ਦੇ ਐਲਾਨ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੇ ਆਪਸ ਵਿੱਚ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਜਲ ਸਪਲਾਈ ਵਿਭਾਗ ਦੇ ਐਕਸੀਅਨ, ਤਹਿਸੀਲਦਾਰ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਡੀਐੱਸਪੀ ਨੇ ਧਰਨੇ ਵਿੱਚ ਪਹੁੰਚਕੇ ਐਲਾਨ ਕੀਤਾ ਕਿ ਪਰਮਿੰਦਰ ਸਿੰਘ ਨੂੰ ਨਸ਼ਾ ਦੇਣ ਵਾਲੇ ਤਿੰਨ ਤਸਕਰਾਂ ਖਿਲਾਫ ਥਾਣਾ ਸਿਟੀ-1 ਵਿੱਚ ਪਰਚਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਮਿੰਦਰ ਦੇ ਨੌਕਰੀ ਵਾਲੇ ਜਲ ਸਪਲਾਈ ਵਿਭਾਗ ਵੱਲੋਂ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਅਧਿਕਾਰੀਆਂ ਦੇ ਐਲਾਨ ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਹੈ।
ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਤੇ ਐਂਟੀ ਡਰੱਗ ਟਾਸਕ ਫੋਰਸ ਦੇ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਭਾਵੇਂ ਪਰਚਾ ਦਰਜ ਹੋਣ ’ਤੇ ਨੌਕਰੀ ਮਿਲਣ ਦਾ ਭਰੋਸਾ ਮਿਲਣ ਨਾਲ ਪਰਿਵਾਰ ਨੂੰ ਥੋੜ੍ਹੀ ਮਦਦ ਮਿਲੀ ਹੈ, ਪਰ ਨੌਜਵਾਨ ਪੁੱਤ ਕਦੇ ਵਾਪਸ ਨਹੀਂ ਮੁੜਨਾ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਜੇਕਰ ਸਰਕਾਰ ਨੇ ਇਮਾਨਦਾਰੀ ਨਾਲ ਨਸ਼ਾ ਬੰਦੀ ਵੱਲ ਕਦਮ ਪੁੱਟੇ ਹੁੰਦੇ ਤਾਂ ਪਰਮਿੰਦਰ ਸਿੰਘ ਵਰਗੇ ਹਜ਼ਾਰਾਂ ਨੌਜਵਾਨ ਮੌਤ ਦੇ ਮੂੰਹ ਨਾ ਪੈਂਦੇ।
ਇਸ ਦੌਰਾਨ ਮਹਿਲਾ ਆਗੂ ਜਸਵੀਰ ਕੌਰ ਨੱਤ ਅਤੇ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਤਿੰਨ ਤਸਕਰਾਂ ’ਤੇ ਪਰਚਾ ਦਰਜ ਕਰ ਲੈਣ ਨਾਲ ਮਾਨਸਾ ਤੇ ਪੰਜਾਬ ਸੁਰੱਖਿਅਤ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਹਰ ਤਸ਼ਕਰ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਸਰਕਾਰੀ ਮੁਜ਼ਾਜਮਾਂ ਖਿਲਾਫ ਪਰਚੇ ਦਰਜ ਕਰਨੇ ਪੈਣਗੇ।