ਕਰੋਨਾ ਕਾਰਨ ਮੌਤ; ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼

ਕਰੋਨਾ ਕਾਰਨ ਮੌਤ; ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼

ਸਿਹਤ ਮੰਤਰੀ ਕਰੋਨਾ ਸਬੰਧੀ ਮੁੱਖ ਮੰਤਰੀ ਨਾਲ ਵੀਡਿਓ ਕਾਨਫਰੰਸ ਕਰਦੇ ਹੋਏ।

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 7 ਅਗਸਤ

ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ  ਦੇ ਦਸ ਹੋਰ ਮਰੀਜ਼ਾਂ ਦੀ ਸ਼ਨਾਖ਼ਤ ਹੋਈ ਹੈ ਜਦੋਂ ਕਿ ਸ੍ਰੀ ਗੰਗਾਨਗਰ ਦੇ ਇੱਕ ਮਰੀਜ਼ ਦੀ ਅੱਜ ਇੱਥੋਂ ਦੇ ਆਈਸੋਲੇਸ਼ਨ ਵਾਰਡ ਵਿੱਚ ਮੌਤ ਹੋ ਗਈ। ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ  ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 365 ਹੋ ਗਈ ਹੈ। ਕਰੋਨਾ ਕਾਰਨ ਮਰੇ ਮਰੀਜ਼ਾਂ ਦੇ ਵਾਰਸ  ਰਣਦੀਪ ਸਿੰਘ ਨੇ ਡਾਕਟਰਾਂ ਉਪਰ ਕਥਿਤ ਤੌਰ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਰਣਦੀਪ ਸਿੰਘ ਅਨੁਸਾਰ ਉਨ੍ਹਾਂ ਦੇ ਮਰੀਜ਼ ਨੂੰ ਸਮੇਂ ਸਿਰ ਵੈਂਟੀਲੇਟਰ ਦੀ ਸਹੂਲਤ ਨਹੀਂ ਦਿੱਤੀ ਗਈ ਜਿਸ ਕਰਕੇ ਉਸ ਦੇ ਭਰਾ ਦੀ ਮੌਤ ਹੋ ਗਈ। ਮੈਡੀਕਲ ਸੁਪਰਡੈਂਟ ਡਾ ਰਾਜੀਵ ਜੋਸ਼ੀ ਨੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਦੀ ਲਾਸ਼ ਗੰਗਾ ਨਗਰ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਅਤੇ ਉੱਥੇ ਹੀ ਉਸ ਦਾ ਸਸਕਾਰ ਹੋਵੇਗਾ। ਡਾਕਟਰਾਂ ਦੀ ਕਥਿਤ ਲਾਪਰਵਾਹੀ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਬਿਹਤਰ ਇਲਾਜ ਲਈ ਸ੍ਰੀ ਗੰਗਾਨਗਰ ਤੋਂ ਫਰੀਦਕੋਟ ਆਏ ਸਨ ਪ੍ਰੰਤੂ ਕੁਝ ਡਾਕਟਰਾਂ ਨੇ ਉਨ੍ਹਾਂ ਦੇ ਮਰੀਜ਼ ਦੀ ਬਿਲਕੁਲ ਵੀ ਸਾਰ ਨਹੀਂ ਲਈ ਮ੍ਰਿਤਕ ਦੇ ਵਾਰਿਸਾਂ ਨੇ ਡਾਕਟਰਾਂ ਦੀ ਲਾਪ੍ਰਵਾਹੀ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਹੈ।

ਮੋਗਾ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ  ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 16 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ 5 ਮਰੀਜ਼ ਤੰਦਰੁਸਤ ਹੋਣ ਉੱਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 247 ਹੈ, ਜਿਨ੍ਹਾਂ ਵਿੱਚੋਂ 147 ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਹਨ ਅਤੇ 28 ਲੈਵਲ-1 ਇਕਾਂਤਵਾਸ ਕੇਂਦਰ ਵਿੱਚ  ਦਾਖਲ ਹਨ।

ਭੁੱਚੋ ਮੰਡੀ (ਪੱਤਰ ਪ੍ਰੇਰਕ): ਸਿਹਤ ਵਿਭਾਗ ਨੇ ਅੱਜ ਇੱਥੇ 8 ਨਵੇਂ ਕਰੋਨਾਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਸ ਵਿੱਚ ਸਥਾਨਕ ਵਾਰਡ ਨੰਬਰ 5 ਦੇ ਇੱਕ ਬੱਚੇ ਸਣੇ ਇੱਕ ਪਰਿਵਾਰ ਦੇ 5 ਮੈਂਬਰ ਸ਼ਾਮਲ ਹਨ ਅਤੇ ਤਿੰਨ ਕੇਸ ਆਦੇਸ਼ ਹਸਪਤਾਲ ਵਿੱਚ ਪਾਜ਼ੇਟਿਵ ਆਏ ਹਨ। ਆਦੇਸ਼ ਹਸਪਤਾਲ ਦਾ ਇੱਕ ਕਰੋਨਾ ਪੀੜਤ ਭੁੱਚੋ ਮੰਡੀ ਦਾ ਵਸਨੀਕ ਹੈ। ਇਕੱਲੇ ਭੁੱਚੋ ਮੰਡੀ ਵਿੱਚ ਹੁਣ ਤੱਕ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। 

ਮਲੋਟ (ਨਿੱਜੀ ਪੱਤਰ ਪ੍ਰੇਰਕ): ਮਲੋਟ ਦੇ ਵਸਨੀਕ ਦੋ ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ ਇਕ ਨਾਗਪਾਲ ਨਗਰੀ ਅਤੇ ਦੂਜਾ ਪਟੇਲ ਨਗਰ ਗਲੀ ਨੰਬਰ 11 ਦਾ ਵਸਨੀਕ ਹੈ।

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਸਿਟੀ ਥਾਣੇ ਦੇ ਮੁਲਾਜ਼ਮ ਸਮੇਤ 9 ਕਰੋਨਾ ਪਾਜ਼ੇਟਿਵ ਦੇ ਨਵੇਂ ਕੇਸ ਆਏ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 501 ਹੋ ਗਿਆ ਹੈ। ਉਧਰ ਇਕ ਨਿੱਜੀ ਹਸਪਤਾਲ ਦੇ ਸੰਚਾਲਕ ਦੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕਰੋਨਾ ਪਾਜ਼ੇਟਿਵ ਡਾਕਟਰ ਜੋੜਾ ਗੁਰੂਗਰਾਮ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ।

ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ’ਚ ਸ਼ੁੱਕਰਵਾਰ ਨੂੰ ਕਰੋਨਾ ਦੇ ਬਾਰਾਂ ਨਵੇਂ ਮਾਮਲੇ ਆਏ ਹਨ ਤੇ ਗਿਆਰਾਂ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹੇ ਅੰਦਰ ਕਰੋਨਾ ਮਰੀਜ਼ਾਂ ਦੀ ਸੰਖਿਆ 343 ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All