ਜਸਪਾਲ ਸਿੰਘ ਸੰਧੂ/ਜਸਵੰਤ ਸਿੰਘ ਥਿੰਦ: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚ ਕੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਦੂਸ਼ਿਤ ਪਾਣੀ ਕਾਰਨ ਬਿਮਾਰ ਹੋਏ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨਾਲ ਐੱਸ ਡੀ ਐੱਮ ਲਿੰਦਿਯਾ ਅਤੇ ਸਿਵਲ ਸਰਜਨ ਰਾਜੀਵ ਪਰਾਸ਼ਰ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਡਾਕਟਰਾਂ ਨਾਲ ਗੱਲਬਾਤ ਕਰ ਕੇ ਮਰੀਜ਼ਾਂ ਦੇ ਇਲਾਜ ਸਬੰਧੀ ਜਾਣਕਾਰੀ ਲਈ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਲਾਜ ਵਿੱਚ ਕੋਈ ਵੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਮਰੀਜ਼ਾਂ ਨੂੰ ਹਰ ਸੰਭਵ ਸਹਾਇਤਾ ਅਤੇ ਜ਼ਰੂਰੀ ਦਵਾਈਆਂ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸਥਿਤੀ ’ਤੇ ਨਿਰੰਤਰ ਨਜ਼ਰ ਬਣਾਈ ਰੱਖੀ ਜਾਵੇ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੁਚੱਜੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਸਰਵੇਖਣ ਕੀਤਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੇ ਵੀ ਸੈਂਪਲ ਦੁਬਾਰਾ ਲਏ ਗਏ ਹਨ ਅਤੇ ਐੱਸ ਈ ਅਤੇ ਐਕਸੀਅਨ ਪੰਚਾਇਤੀ ਰਾਜ ਨੂੰ ਪਿੰਡ ਵਾਸੀਆਂ ਨੂੰ ਸਾਫ਼ ਪੀਣ ਵਾਲਾ ਵਾਲਾ ਪਾਣੀ ਉਪਲੱਬਧ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿੱਚ ਲੋਕਾਂ ਦੀ ਮੈਡੀਕਲ ਸਹੁਲਤਾਂ ਲਈ ਮੈਡੀਕਲ ਕੈਂਪ ਲਗਾਇਆ ਹੋਇਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਾ ਹੈ ਅਤੇ ਹਰ ਤਰ੍ਹਾਂ ਦੀ ਮਦਦ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਪੀਣ ਵਾਲਾ ਪਾਣੀ ਹੀ ਵਰਤਿਆ ਜਾਵੇ ਅਤੇ ਪਾਣੀ ਨੂੰ ਉਬਾਲ ਕੇ ਹੀ ਪੀਤਾ ਜਾਵੇ।

