ਝੋਨੇ ਦੀ ਖ਼ਰੀਦ ਨਾ ਹੋਣ ਖ਼ਿਲਾਫ਼ ਡੀ ਸੀ ਤੇ ਐੱਸ ਐੱਸ ਪੀ ਦਫ਼ਤਰਾਂ ਦਾ ਘਿਰਾਓ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁੱਝ ਖਰੀਦ ਕੇਂਦਰਾਂ ਵਿੱਚ ਪਏ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਵਿਰੋਧ ਵਿੱਚ ਅੱਜ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੀ ਕੰਨਸੋਅ ਪੁਲੀਸ ਨੂੰ ਮਿਲਦਿਆਂ ਹੀ ਪੁਲੀਸ ਨੇ ਭਾਰੀ ਫੋਰਸ ਨਾਲ ਦੋਨੋਂ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਜਾਂਦੇ ਰਸਤੇ ਨੂੰ ਰੋਕ ਲਿਆ ਗਿਆ, ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਥੇ ਹੀ ਧਰਨਾ ਲਾ ਦਿੱਤਾ ਗਿਆ, ਜਿਸ ਕਰਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ।
ਇਸ ਕਸੂਤੀ ਸਥਿਤੀ ਵਿੱਚ ਪੰਜਾਬ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਤੁਰੰਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ, ਜਿਸ ਵਿੱਚ ਫੈਸਲਾ ਲਿਆ ਗਿਆ ਕਿ 3 ਵਜੇ ਤੱਕ ਰਹਿੰਦੇ ਖਰੀਦ ਕੇਂਦਰਾਂ ਵਿੱਚ ਬਕਾਇਦਾ ਝੋਨੇ ਦੀ ਬੋਲੀ ਲਵਾਈ ਜਾਵੇਗੀ। ਬੋਲੀ ਲਵਾਉਣ ਦਾ ਮੰਚ ਤੋਂ ਐਲਾਨ ਮਾਨਸਾ ਦੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਅਤੇ ਡੀ ਐੱਸ ਪੀ ਬੂਟਾ ਸਿੰਘ ਗਿੱਲ ਵੱਲੋਂ ਧਰਨਾਕਾਰੀਆਂ ਨੂੰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਾਵੇਂ ਕਿਸਾਨਾਂ ਦੀ ਖੱਜਲ-ਖੁਆਰੀ ਤੋਂ ਛੁਟਕਾਰਾ ਪਾਉਣ ਦਾ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਪਰ ਜੇਕਰ ਇਹ ਭਰੋਸਾ ਅਜੇ ਵੀ ਤੋੜਿਆ ਜਾਂਦਾ ਹੈ ਤਾਂ ਜਥੇਬੰਦੀ ਵੱਲੋਂ 3 ਦਸੰਬਰ ਨੂੰ ਡਿਪਟੀ ਕਮਿਸ਼ਨਰ ਅਤੇ ਐੱੱਸ ਐੱਸ ਪੀ ਦਫ਼ਤਰ ਦਾ ਮੁੜ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਵਾਅਦਿਆਂ ਉਪਰ ਹੁਣ ਜਥੇਬੰਦੀਆਂ ਨੂੰ ਵਿਸ਼ਵਾਸ ਨਹੀਂ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਚਿਤਾਵਨੀ ਦਿੱਤੀ ਕਿ ਹੁਣ ਅੱਕੇ ਹੋਏ ਕਿਸਾਨ 3 ਦਸੰਬਰ ਨੂੰ ਸਾਰਾ ਮਾਨਸਾ ਬੰਦ ਕਰਨ ਤੋਂ ਪਿੱਛੇ ਨਹੀਂ ਹੱਟਣਗੇ। ਇਸ ਧਰਨੇ ਨੂੰ ਨਿਰਮਲ ਸਿੰਘ ਝੰਡੂਕੇ, ਬੋਘ ਸਿੰਘ ਮਾਨਸਾ, ਕੁਲਦੀਪ ਸਿੰਘ ਚੱਕ ਭਾਈਕੇ, ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਉਲਕ, ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।
