ਮੋਬਾਈਲ ਚੋਰੀ ਦੇ ਸ਼ੱਕ ’ਚ ਦਲਿਤ ਬੱਚਿਆਂ ’ਤੇ ਥਾਣੇ ’ਚ ਨਿਰਵਸਤਰ ਕਰ ਕੇ ਕਹਿਰ ਢਾਹਿਆ

ਮਾਪਿਆਂ ਵੱਲੋਂ ਐਸਐੱਸਪੀ ਨੂੰ ਸ਼ਿਕਾਇਤ; ਥਾਣਾ ਮੁਖੀ ਤੇ ਏਐੱਸਆਈ ਨੇ ਦੋਸ਼ ਨਕਾਰੇ

ਮੋਬਾਈਲ ਚੋਰੀ ਦੇ ਸ਼ੱਕ ’ਚ ਦਲਿਤ ਬੱਚਿਆਂ ’ਤੇ ਥਾਣੇ ’ਚ ਨਿਰਵਸਤਰ ਕਰ ਕੇ ਕਹਿਰ ਢਾਹਿਆ

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਗਸਤ

ਇਥੇ ਥਾਣਾ ਅਜੀਤਵਾਲ ਵਿਖੇ ਮੋਬਾਈਲ ਚੋਰੀ ਦੇ ਸ਼ੱਕ ’ਚ ਦਲਿਤ ਬੱਚਿਆਂ ਨੂੰ ਨਿਰਵਸਤਰ ਕਰ ਕੇ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਰੀਬ ਪਰਿਵਾਰ ਨਾਲ ਸਬੰਧਤ ਬੱਚੇ ਸਹਿਮੇ ਹੋਏ ਹਨ ਅਤੇ ਪਿੰਡ ਦੇ ਮੋਹਤਬਰਾਂ ਨੇ ਬੱਚਿਆਂ ਨੂੰ ਮੈਡੀਕਲ ਕਰਵਾਉਣ ਤੋਂ ਰੋਕ ਦਿੱਤਾ। ਦੂਜੇ ਪਾਸੇ ਥਾਣਾ ਮੁਖੀ ਅਤੇ ਏਐੱਸਆਈ ਦੇ ਪੱਖ ਤੋਂ ਵੀ ਪੁਲੀਸ ਭੂਮਿਕਾ ਸ਼ੱਕੀ ਦਿਖਾਈ ਦਿੰਦੀ ਹੈ। ਇਥੇ ਪੀੜਤ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦੇ ਗੁਆਂਢ ਵਿੱਚ ਕਿਸੇ ਦਾ ਕਰੀਬ 4 ਦਿਨ ਪਹਿਲਾਂ ਮੋਬਾਈਲ ਫੋਨ ਚੋਰੀ ਹੋਇਆ ਸੀ। ਉਨ੍ਹਾਂ ਦੇ ਬੱਚਿਆਂ ਉੱਤੇ ਸ਼ੱਕ ਕੀਤਾ ਤਾਂ ਉਹ ਆਪਣੀ ਪਤਨੀ ਨਵਦੀਪ ਕੌਰ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਥਾਣੇ ਵਿੱਚ ਸਫ਼ਾਈ ਦੇਣ ਚਲੇ ਗਏ। ਉਥੇ ਏਐੱਸਆਈ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ਆਪਣੇ ਕਮਰੇ ਅੰਦਰ ਬੰਦ ਕਰ ਲਿਆ। ਉਹ ਬਾਹਰ ਸਨ ਤਾਂ ਅੰਦਰੋਂ ਉਸ ਦੇ 9,7 ਅਤੇ 10 ਸਾਲ ਦੇ ਬੱਚਿਆਂ ਦੀਆਂ ਚੀਕਾਂ ਸੁਣੀਆਂ ਤਾਂ ਉਸ ਦੀ ਪਤਨੀ ਨਵਦੀਪ ਕੌਰ ਨੇ ਦਰਵਾਜ਼ੇ ਨੂੰ ਧੱਕਾ ਮਾਰਕੇ ਖੋਲ੍ਹ ਦਿੱਤਾ ਤਾਂ ਏਐੱਸਆਈ ਬਲਵਿੰਦਰ ਸਿੰਘ ਨੇ ਉਸ ਦੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਨੂੰ ਥਾਣੇ ਅੰਦਰ ਦੰਦਲ ਪੈ ਗਈ। ਉਨ੍ਹਾਂ ਦੱਸਿਆ ਕਿ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਬੱਚੇ ਅਲਫ਼ ਨੰਗੇ ਸਨ ਅਤੇ ਉਨ੍ਹਾਂ ਦਾ ਪਿਸ਼ਾਬ ਵੀ ਵਿੱਚ ਨਿਕਲ ਗਿਆ ਸੀ। ਇਸ ਮਗਰੋ ਪੁਲੀਸ ਬੱਚਿਆਂ ਨੂੰ ਜਿਥੋਂ ਮੋਬਾਈਲ ਚੋਰੀ ਹੋਇਆ ਸੀ ਉਥੇ ਵੀ ਲੈ ਕੇ ਗਈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੋ ਹਵਾਲਾਤੀ ਮੁਲਜ਼ਮਾਂ ਨੇ ਵੀ ਬੱਚਿਆਂ ਉੱਤੇ ਢਾਹੇ ਜਾ ਰਹੇ ਕਹਿਰ ਉੱਤੇ ਆਖਿਆ ਕਿ ਉਨ੍ਹਾਂ ਨੂੰ ਕੁੱਟ ਲਵੋ ਪਰ ਬੱਚਿਆਂ ਨੂੰ ਛੱਡ ਦੇਵੇ ਪਰ ਪੁਲੀਸ ਨੇ ਬੱਚਿਆਂ ਉੱਤੇ ਕਹਿਰ ਇੰਨਾਂ ਵਰਤਾਇਆ ਕਿ ਉਹ ਹੁਣ ਪੂਰੀ ਤਰ੍ਹਾਂ ਡਰੇ ਅਤੇ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੇ ਮੈਡੀਕਲ ਕਰਵਾਉਣ ਜਾਣ ਲੱਗੇ ਤਾਂ ਪਿੰਡ ਦੇ ਦੋ ਮੋਹਤਬਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਐਸਐੱਸਪੀ ਨੂੰ ਲਿਖਤੀ ਸ਼ਿਕਾਇਤ ਰਾਂਹੀ ਇਨਸਾਫ਼ ਦੀ ਮੰਗ ਕੀਤੀ ਹੈ। ਏਐੱਸਆਈ ਬਲਵਿੰਦਰ ਸਿੰਘ ਨੇ ਕੁੱਟ ਮਾਰ ਦੇ ਦੋਸ਼ ਨਕਾਰਦੇ ਕਿਹਾ ਕਿ ਇਹ ਬੱਚਿਆਂ ਨੂੰ ਖੁਦ ਥਾਣੇ ਲੈ ਕੇ ਆਏ ਸਨ। ਉਨ੍ਹਾਂ ਕੋਲੋਂ ਪੁੱਛ-ਪੜਤਾਲ ਜ਼ਰੂਰ ਕੀਤੀ ਸੀ ਪਰ ਉਨ੍ਹਾਂ ਨੂੰ ਕੁੱਟਿਆ ਨਹੀਂ। ਦੂਜੇ ਪਾਸੇ ਥਾਣਾ ਮੁਖੀ ਜਸਵਿੰਦਰ ਸਿੰਘ ਸਾਫ਼ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਅਤੇ ਨਾ ਹੀ ਬੱਚਿਆਂ ਤੋਂ ਥਾਣੇ ਅੰਦਰ ਕੋਈ ਪੁੱਛ-ਪੜਤਾਲ ਕੀਤੀ ਹੈ ਅਤੇ ਨਾ ਹੀ ਥਾਣੇ ਲਿਆਦਾਂ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All