ਕਣਕ ਸੀਜ਼ਨ ਵਿੱਚ ਪੋਰਟਲ ਆਧਾਰਤ ਸਰਕਾਰੀ ਖਰੀਦ ਤਹਿਤ ਫੇਲ੍ਹ ਸਰਵਰ ਦੀ ਸਮੱਸਿਆ ਨੇ ਖਰੀਦ ਪ੍ਰਕਿਰਿਆ ਠੱਪ ਕਰ ਦਿੱਤੀ। ਲਗਾਤਾਰ ਦੂਜੇ ਦਿਨ ਵਾਰ-ਵਾਰ ਘੰਟਿਆਂਬੱਧੀ ਸਰਵਰ ਡਾਊਨ ਰਹਿਣ ਕਰਕੇ ਡੱਬਵਾਲੀ ਦਾਣਾ ਮੰਡੀ ਸਮੇਤ ਹੋਰਨਾਂ ਖਰੀਦ ਕੇਂਦਰਾਂ ’ਤੇ ਅਵਿਵਸਥਾ ਬਣੀ ਰਹੀ। ਬਾਇਓਮੀਟ੍ਰਿਕ ਅਤੇ ਆਨਲਾਈਨ ਗੇਟ ਪਾਸ ਪ੍ਰਕਿਰਿਆ ’ਚ ਵਿਘਨ ਪਿਆ। ਇਸ ਕਰਕੇ ਕਣਕ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀਆਂ ਮੰਡੀਆਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸਰਵਰ ਵਿੱਚ ਵਾਰ-ਵਾਰ ਖਰਾਬੀ ਕਰਕੇ ਜ਼ਿਲ੍ਹਾ ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਨੋਟਿਸ ਲੈਂਦਿਆਂ ਆਫਲਾਈਨ ਗੇਟ ਪਾਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਫਸਲ ਐਂਟਰੀ ਮੁੜ ਸ਼ੁਰੂ ਹੋਈ ਅਤੇ ਕਿਸਾਨਾਂ ਨੂੰ ਰਾਹਤ ਦੀ ਸਾਹ ਲਈ। ਫੇਲ੍ਹ ਸਰਵਰ ਦਾ ਸਿੱਧਾ ਅਸਰ ਖੇਤਾਂ ਵਿੱਚ ਕਣਕ ਦੀ ਵਾਢੀ ’ਤੇ ਵੀ ਪਿਆ, ਮੰਡੀਆਂ ਮੂਹਰੇ ਕਤਾਰਾਂ ਵਿੱਚ ਖੜ੍ਹੇ ਟਰੈਕਟਰ-ਟਰਾਲੀਆਂ ਕਰਕੇ ਕੰਬਾਈਨਾਂ ਖੇਤਾਂ ਵਿੱਚ ਬੰਦ ਖੜ੍ਹੀਆਂ ਰਹੀਆਂ।
ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਕਿਹਾ ਕਿ ਅੱਜ ਸਰਵਰ ਵਿੱਚ ਕੁਝ ਸਮੇਂ ਲਈ ਦਿੱਕਤ ਰਹੀ। ਕਿਸਾਨਾਂ ਨੂੰ ਦਰਪੇਸ਼ ਦਿੱਕਤਾਂ ਦੇ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੈ ਅਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਜੱਗਾ ਨੇ ਦੱਸਿਆ ਕਿ ਸਰਵਰ ਸਮੱਸਿਆ ਕਰਕੇ ਆਫਲਾਈਨ ਗੇਟ ਪਾਸ ਪ੍ਰਣਾਲੀ ਲਾਗੂ ਕੀਤੀ ਗਈ ਹੈ ਅਤੇ ਉਹ ਖੁਦ ਖਰੀਦ ਕੇਂਦਰਾਂ ਦਾ ਦੌਰਾ ਕਰ ਰਹੇ ਹਨ।

