ਬਠਿੰਡਾ/ਬਰਨਾਲਾ/ਮਾਨਸਾ 2 ਜੁਲਾਈ
ਬਠਿੰਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਬੀ.ਸ੍ਰੀ. ਨਿਵਾਸਨ, ਬਰਨਾਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ, ਮਾਨਸਾ ਦੇ ਡੀਸੀ ਮਹਿੰਦਰ ਪਾਲ ਵੱਲੋਂ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਿਆਂ ਦੀ ਹਦੂਦ ਅੰਦਰ ਲੌਕਡਾਊਨ ਵਿੱਚ ਅੰਸ਼ਿਕ ਢਿੱਲ ਬਾਰੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਅਤੇ ਹੋਰ ਕੋਚਿੰਗ ਸੈਟਰ 31 ਜੁਲਾਈ ਤੱਕ ਬੰਦੇ ਰਹਿਣਗੇ। ਆਨਲਾਈਨ ਡਿਸਟਂੈਸ ਲਰਨਿੰਗ ਪ੍ਰਣਾਲੀ ਰਾਹੀ ਸਿੱਖਿਆ ਦੀ ਪ੍ਰਵਾਨਗੀ ਹੋਵੇਗੀ। ਸਿਨੇਮਾ ਘਰ, ਜਿਮਨੇਜੀਅਮ, ਸਵਿਮਿੰਗ ਪੂਲ, ਥੀਏਟਰ, ਬਾਰ, ਅਸੈਂਬਲੀ ਘਰ ਅਤੇ ਅਜਿਹੀਆਂ ਹੋਰ ਥਾਵਾਂ ਅਜੇ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ। ਸਮਾਜਿਕ, ਰਾਜਨੀਤਿਕ, ਖੇਡਾਂ ਸਬੰਧੀ, ਮਨੋਰੰਜਨ ਸਬੰਧੀ, ਅਕਾਦਮਿਕ ਸੱਭਿਆਚਾਰਕ, ਧਾਰਮਿਕ ਤੇ ਹੋਰ ਵੱਡੇ ਇਕੱਠਾਂ ‘ਤੇ ਪਾਬੰਦੀ ਹੋਵੇਗੀ। ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ।ਵਿਆਹ ਸਮਾਰੋਹਾਂ ਵਿੱਚ ਵੱਧ ਤੋਂ ਵੱਧ 50 ਮਹਿਮਾਨਾਂ ਦੇ ਇਕੱਠ ਦੀ ਆਗਿਆ ਹੋਵੇਗੀ। ਰੈਸਤਰਾਂ ਵਿੱਚ ਬੈਠਣ ਦੀ ਸਮਰੱਥਾ ਦਾ 50 ਫੀਸਦੀ ਜਾਂ 50 ਮਹਿਮਾਨ ਦੋਨਾਂ ਵਿੱਚੋ ਜੋ ਘੱਟ ਹੈ, ਦੀ ਹੀ ਇਜਾਜ਼ਤ ਰਾਤ 9 ਵਜੇ ਤੱਕ ਹੀ ਹੋਵੇਗੀ। ਬਾਰ ਬੰਦ ਰਹਿਣਗੇ, ਪਰ ਰਾਜ ਦੀ ਆਬਕਾਰੀ ਨੀਤੀ ਤਹਿਤ ਸ਼ਰਾਬ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ। ਸ਼ਹਿਰ ਅਤੇ ਪੇਡੂ ਖੇਤਰਾਂ ਵਿੱਚ ਮੇਨ ਬਜ਼ਾਰਾਂ ਦੀਆਂ ਸਾਰੀਆਂ ਦੁਕਾਨਾਂ ਸਮੇਤ ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਭਾਵ ਐਤਵਾਰ ਵੀ ਖੁੱਲ੍ਹ ਸਕਣਗੀਆਂ। ਧਾਰਮਿਕ/ਪੂਜਾ ਦੇ ਸਥਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 5 ਤੋਂ ਰਾਤ 8 ਵਜੇ ਤੱਕ ਹੋਵੇਗਾ। ਰੈਸਤਰਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਪੂਰਾ ਹਫ਼ਤਾ ਰਾਤ 9 ਵਜੇ ਤੱਕ ਖੁੋਲ੍ਹਣ ਦੀ ਆਗਿਆ ਹੋਵੇਗੀ। ਉਦਯੋਗਾਂ ਅਤੇ ਹੋਰ ਅਦਾਰਿਆਂ ਦੁਆਰਾ ਉਨ੍ਹਾਂ ਦੇ ਕੰਮਕਾਜ ਲਈ ਵੱਖਰੀ ਆਗਿਆ ਦੀ ਲੋੜ ਨਹੀਂ ਹੋਵਗੀ। ਇਨ੍ਹਾਂ ਉਦਯੋਗਾਂ ਅਤੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਰਧਾਰਿਤ ਸਮੇਂ ਦੌਰਾਨ ਬਿਨਾਂ ਕਿਸੇ ਪਾਸ ਤੋਂ ਆਵਾਜਾਈ ਦੀ ਇਜ਼ਾਜਤ ਹੋਵੇਗੀ। ਜਨਤਕ ਥਾਵਾਂ ‘ਤੇ ਥੁੱਕਣ ਉਤੇ ਪੂਰਨ ਪਾਬੰਦੀ ਹੈ ਅਤੇ ਅਜਿਹਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਕੀਤਾ ਜਾਵੇਗਾ। ਜਨਤਕ ਥਾਵਾਂ ’ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਸੇਵਨ ’ਤੇ ਪੂਰਨ ਪਾਬੰਦੀ ਹੈ।