ਕਰਫਿਊ ਨੂੰ ਵੀ ਮਾਤ ਪਾ ਗਿਆ ਮਾਲਵਾ ਵਿੱਚ ‘ਪੰਜਾਬ ਬੰਦ’

ਕਰਫਿਊ ਨੂੰ ਵੀ ਮਾਤ ਪਾ ਗਿਆ ਮਾਲਵਾ ਵਿੱਚ ‘ਪੰਜਾਬ ਬੰਦ’

ਮੁਕਤਸਰ ਦਾ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਵੀਰਵਾਰ ਨੂੰ ਸੁੰਨਾ ਪਿਆ ਬਾਜ਼ਾਰ। -ਫੋਟੋ: ਪ੍ਰੀਤ

ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ/ਜੈਤੋ 25 ਸਤੰਬਰ

ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਬਠਿੰਡਾ ਸ਼ਹਿਰ ਤੋਂ ਇਲਾਵਾ ਮੰਡੀਆਂ ਅਤੇ ਪਿੰਡਾਂ ਵਿਚ ਵੀ ਮੁਕੰਮਲ ਬੰਦ ਦੇਖਣ ਨੂੰ ਮਿਲਿਆ। ਪਿੰਡਾਂ ਦੇ ਕਿਸਾਨ ਆਰਡੀਨੈਂਸਾਂ ਖ਼ਿਲਾਫ਼ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਪ੍ਰਦਰਸ਼ਨਾਂ ਵਿਚ ਪੁੱਜੇ। ਕਈ ਪਿੰਡਾਂ ਵਿਚ ਸਵੇਰ ਵੇਲੇ ਪਿੰਡਾਂ ਦੀ ਸਾਂਝੀਆਂ ਥਾਵਾਂ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਅੱਜ ਪੰਜਾਬ ਬੰਦ ਦੇ ਸੱਦੇ ਨੂੰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੁਕਾਨਦਾਰ ਯੂਨੀਅਨ, ਦੋਧੀ ਯੂਨੀਅਨ, ਟੈਕਸੀ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਪੱਲੇਦਾਰ ਯੂਨੀਅਨ , ਆੜ੍ਹਤੀਏ ਅਤੇ ਕਿਸਾਨ ਖ਼ਿੱਤੇ ਨਾਲ ਜੁੜੇ ਹਰ ਵਰਗ ਨੇ ਦੇਸ਼ ਲਾਗੂ ਕੀਤੇ ਗਏ ਆਰਡੀਨੈਂਸਾਂ ਦਾ ਵਿਰੋਧ ਕੀਤਾ। ਬਠਿੰਡਾ ਵਿਚ ਸਮੁੱਚਾ ਬਾਜ਼ਾਰ ਬੰਦ ਦੇਖਣ ਨੂੰ ਮਿਲਿਆ। ਜੈਤੋ ਵਿੱਚ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਉਪ-ਮੰਡਲ ਜੈਤੋ ’ਚ ਸੱਤ ਥਾਵਾਂ ’ਤੇ ਸੜਕੀ ਆਵਾਜਾਈ ਰੋਕੀ ਗਈ। ਵਪਾਰਿਕ ਕੇਂਦਰ ਅਤੇ ਸੜਕੀ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ।

ਫ਼ਰੀਦਕੋਟ (ਜਸਵੰਤ ਜੱਸ): ਸੂਬੇ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਖਿਲਾਫ਼ ਰੋਸ ਵਜੋਂ ਦੇਸ਼ ਬੰਦ ਦੇ ਸੱਦੇ ਨੂੰ ਫ਼ਰੀਦਕੋਟ ਵਿੱਚ ਭਰਵਾਂ ਹੁੰਗਾਰਾ ਮਿਲਿਆ। ਫ਼ਰੀਦਕੋਟ ਜ਼ਿਲ੍ਹੇ ਦੇ ਸਾਰੇ ਕਸਬੇ ਮੁਕੰਮਲ ਤੌਰ ‘ਤੇ ਬੰਦ ਰਹੇ। ਇਸ ਤੋਂ ਇਲਾਵਾ ਆਵਾਜਾਈ, ਰੇਲਾਂ, ਅਰਧ ਸਰਕਾਰੀ ਅਦਾਰੇ, ਜਿਲ੍ਹਾ ਕਚਹਿਰੀਆਂ ਅਤੇ ਵਪਾਰ ਅਦਾਰੇ ਵੀ ਮੁਕੰਮਲ ਤੌਰ ‘ਤੇ ਬੰਦ ਰਹੇ। ਕਿਸਾਨਾਂ ਵੱਲੋਂ ਬੰਦ ਦੇ ਦਿੱਤੇ ਸੱਦੇ ਨੂੰ ਵਕੀਲਾਂ, ਮੁਲਾਜ਼ਮਾਂ, ਪੈਨਸ਼ਨਰ, ਮਜ਼ਦੂਰਾਂ ਅਤੇ ਲਗਪਗ ਸਾਰੇ ਵਰਗਾਂ ਨੇ ਸਹਿਯੋਗ ਦਿੱਤਾ ਅਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਕੱਲੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਹੋਈ। ਨੈਸ਼ਨਲ ਹਾਈਵੇ-54 ਨੂੰ ਪਿੰਡ ਟਹਿਣਾ ਨਜ਼ਦੀਕ ਜਾਮ ਕਰਕੇ ਧਰਨਾ ਦਿੱਤਾ ਗਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪੰਜਾਬ ਬੰਦ ਦੇ ਐਲਾਨ ਦਾ ਫ਼ਿਰੋਜ਼ਪੁਰ ਵਿਚ ਭਾਰੀ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਅਤੇ ਛਾਉਣੀ ਦੇ ਬਾਜ਼ਾਰ ਅੱਜ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਕਿਸਾਨ ਜਥੇਬੰਦੀਆਂ ਨੇ ਮੁੱਖ ਮਾਰਗਾਂ ਤੇ ਪੂਰਾ ਦਿਨ ਚੱਕਾ ਜਾਮ ਰੱਖਿਆ। ਇਥੋਂ ਤੱਕ ਕਿ ਬੈਂਕਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਫ਼ਿਰੋਜ਼ਪੁਰ ਜੰਕਸ਼ਨ ਉਤੇ ਰੇਲ ਮਾਰਗ ’ਤੇ ਧਰਨਾ ਲਾਈ ਰੱਖਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਹੋਰਨਾਂ ਆਗੂਆਂ ਨੇ ਇਸ ਮੋਰਚੇ ਨੂੰ ਅੱਗੇ ਵਧਾ ਕੇ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇਥੇ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਪੰਜਾਬ ਬੰਦ ਦਾ ਸੱਦਾ ਅੱਜ ਪੂਰਨ ਰੂਪ ਵਿੱਚ ਸਫ਼ਲ ਰਿਹਾ। ਬਜ਼ਾਰਾਂ ‘ਚ ਕਰਫਿਊ ਤੋਂ ਵੀ ਜ਼ਿਆਦਾ ਸੁੰਨ ਪੱਸਰੀ ਹੋਈ ਸੀ। ਦੁਕਾਨਦਾਰਾਂ ਨੇ ਆਪ ਮੁਹਾਰੇ ਹੀ ਬੰਦ ਦਾ ਸਮਰਥਨ ਦਿੱਤਾ। ਮੁਕਤਸਰ ਖੇਤਰ ਵਿੱਚ ਕਿਸਾਨਾਂ ਨੇ ਉਦੇਕਰਨ, ਝਬੇਲਵਾਲੀ, ਰਹੂੜਿਆਂਵਾਲੀ ਆਦਿ ਮੁੱਖ ਮਾਰਗਾਂ ਉਪਰ ਆਵਾਜਾਈ ਵੀ ਠੱਪ ਕੀਤੀ। ਇਸ ਮੌਕੇ ਲੱਗੇ ਧਰਨਿਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗੁਰਭਗਤ ਸਿੰਘ ਭਲਾਈਆਣਾ, ਮਾਸਟਰ ਗੁਰਾਂਦਿੱਤਾ ਸਿੰਘ ਭਾਗਸਰ, ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਕਾਨਿਆਂ ਵਾਲੀ, ਗੁਰਤੇਜ ਸਿੰਘ ਉਦੇਕਰਨ, ਬੀਕੇਯੂ ਰਾਜੋਵਾਲ ਦੇ ਆਗੂ ਅਮਰਜੀਤ ਸਿੰਘ ਸੰਗੂਧੌਣ, ਲੱਖੋਵਾਲ ਦੇ ਗਗਨਦੀਪ ਸਿੰਘ, ਸਿੱਧੂਪੁਰ ਦੇ ਪੂਰਨ ਸਿੰਘ, ਸੁਖਦੇਵ ਸਿੰਘ ਬੂੜਾ ਗੁੱਜਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਥਾਂਦੇਵਾਲਾ, ਜਗਦੀਪ ਕੋਟਲੀ ਅਬਲੂ ਸਮੇਤ ਹੋਰਨਾਂ ਨੇ ਕੀਤੀ। ਇਸ ਮੌਕੇ ਕਾਂਗਰਸ ਦੇ ਕਰਨਬੀਰ ਸਿੰਘ ਬਰਾੜ, ਵੀ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਜਦੋਂ ਕਿ ਅਕਾਲੀ ਦਲ ਨੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪਿੰਡ ਝਬੇਲਵਾਲੀ ਕੋਲ ਵੱਖਰਾ ਧਰਨਾ ਲਾ ਕੇ ਆਪਣੀ ਹੋਂਦ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ।

ਬਰਨਾਲਾ (ਪਰਸ਼ੋਤਮ ਬੱਲੀ): ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ, ਜਿਸ ਤਹਿਤ ਬਰਨਾਲਾ ਸ਼ਹਿਰ ਮੁਕੰਮਲ ਬੰਦ ਰਿਹਾ। ਹਰ ਤਬਕੇ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ। ਭਾਜਪਾ ਸਮਰਥਕ ਦੁਕਾਨਦਾਰ ਵੀ ਦੁਕਾਨਾਂ ਖੋਲ੍ਹਣ ਦੀ ਹਿੰਮਤ ਨਹੀਂ ਜੁਟਾ ਸਕੇ। ਸਵੇਰ ਸਮੇਂ ਤੋਂ ਹੀ ਨੌਜਵਾਨ ਕਿਸਾਨ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਮੋਰਚੇ ਮੱਲ ਲਏ ਸਨ। ਵੱਖ-ਵੱਖ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਘਰਾਂ ਵਿਚੋਂ ਬਾਹਰ ਨਿੱਕਲ ਕੇ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਸੰਘਰਸ਼ ਦੇ ਮੈਦਾਨ ਵਿੱਚ ਗਰਜੀਆਂ। ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਦੋ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਧਰਨਾ ਦਿੱਤਾ ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ‘ਚ ਸ਼ਾਮਿਲ ਬੀਕੇਯੂ (ਡਕੌਂਦਾ) ਦੇ ਮਨਜੀਤ ਧਨੇਰ ਨੇ ਸੰਬੋਧਨ ਕੀਤਾ।

ਜਥੇਬੰਦੀਆਂ ਅੜੀਆਂ, ਰੇਲਾਂ ਖੜ੍ਹੀਆਂ

:ਮਾਨਸਾ ਵਿੱਚ ਰੇਲ ਪਟੜੀਆਂ ’ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਖੇਤੀ ਬਿਲਾਂ ਨੂੰ ਸੰਸਦ ਵਿੱਚ ਧੱਕੇ ਨਾਲ ਪਾਸ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੁਆਰਾ ਅੱਜ ਦਿੱਲੀ ਨੂੰ ਜਾਂਦੇ ਸਾਰੇ ਰਾਹ ਰੋਕ ਲਏ ਅਤੇ ਮਾਨਸਾ ਦੀਆਂ ਰੇਲ ਪਟੜੀਆਂ ਉਤੇ ਲਗਾਤਾਰ ਦੂਸਰੇ ਦਿਨ ਦਿਨ-ਰਾਤ ਦਾ ਧਰਨਾ ਦੇ ਕੇ ਮੋਦੀ ਹਕੂਮਤ ਵਿਰੁੱਧ ਮੁਰਦਾਬਾਦ ਕੀਤੀ ਗਈ।  ਜਥੇਬੰਦੀ ਨੇ ਮੰਚ ਤੋਂ ਐਲਾਨ ਕੀਤਾ ਕਿ ਮਾਨਸਾ ਵਰਗੇ ਰੇਲ ਪਟੜੀਆਂ ‘ਤੇ ਧਰਨੇ ਬਰਨਾਲਾ, ਨਾਭਾ, ਛਾਜਲੀ, ਦੇਵੀਦਾਸਪੁਰਾ ਅਤੇ ਫਿਰੋਜ਼ਪੁਰ ਵਿਖੇ ਲਾਏ ਹੋਏ ਹਨ, ਜਿਸ ਲਈ ਜਥੇਬੰਦੀਆਂ ਅੜੀਆਂ ਹੋਈਆਂ ਕਿ ਖੇਤੀ ਬਿਲਾਂ ਸਬੰਧੀ ਹੋਈਆਂ ਧੱਕੇਸ਼ਾਹੀਆਂ ਨੂੰ ਹੁਣ ਰੱਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਭਾਰੀ ਗਿਣਤੀ ਵਿੱਚ ਨੌਜਵਾਨਾਂ,ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਇਕੱਠ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਜਰਨੈਲ ਸਿੰਘ ਟਾਹਲੀਆਂ, ਮੇਜਰ ਸਿੰਘ ਗੋਬਿੰਦਪੁਰਾ, ਜਗਦੇਵ ਸਿੰਘ ਭੈਣੀਬਾਘਾਨੇ ਵੀ ਸੰਬੋਧਨ ਕੀਤਾ।

ਭਾਰਤ ਬੰਦ ਦਾ ਕਾਲਾਂਵਾਲੀ ਵਿੱਚ ਰਿਹਾ ਪੂਰਾ ਅਸਰ

ਕਾਲਾਂਵਾਲੀ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਖਿਲਾਫ਼ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਕਾਲਾਂਵਾਲੀ ‘ਚ ਭਰਵਾਂ ਹੁੰਗਾਰਾ ਮਿਲਿਆ। ਭਾਰਤ ਬੰਦ ਨੂੰ ਲੈ ਕੇ ਅੱਜ ਸਵੇਰੇ ਵੱਖ-ਵੱਖ ਸੰਗਠਨਾਂ ਦੇ ਲੋਕ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਸ਼ਹਿਰ ਵਿੱਚ ਪੈਦਲ ਮਾਰਚ ਕੱਢ ਕੇ ਲੋਕਾਂ ਨੂੰ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਭਾਰਤ ਬੰਦ ਕਾਰਨ ਮੰਡੀ ਦੇ ਸਾਰੇ ਬਾਜ਼ਾਰ ਪੂਰਨ ਰੂਪ ‘ਚ ਬੰਦ ਰਹੇ। ਸਿਰਫ ਮੈਡੀਕਲ ਸਟੋਰ ਅਤੇ ਨਿੱਜੀ ਹਸਪਤਾਲ ਹੀ ਖੁੱਲ੍ਹੇ ਨਜ਼ਰ ਆਏ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ   ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਅਤੇ ਹੋਰ ਸਥਾਨਾਂ ਉੱਤੇ ਵੱਡੀ ਗਿਣਤੀ ‘ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਅਨਾਜ ਮੰਡੀ ਵਿੱਚ ਕੀਤੇ ਪ੍ਰਦਰਸ਼ਨ ਅਤੇ ਧਰਨੇ ਵਿੱਚ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਆਮ ਆਦਮੀ ਪਾਰਟੀ ਦੇ ਪੱਛਮੀ ਜੋਨ ਮੁਖੀ ਦਰਸ਼ਨ ਕੌਰ, ਅਕਾਲੀ ਦਲ ਆਗੂ ਰਜਿੰਦਰ ਸਿੰਘ ਦੇਸੂਜੋਧਾ ਅਤੇ ਇਨੈਲੋ ਆਗੂ ਜਸਵਿੰਦਰ ਸਿੰਘ ਬਿੰਦੂ ਆਦਿ ਨੇ ਆਪਣਾ ਸਮਰਥਨ ਦਿੱਤਾ। 

ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਵੱਲੋਂ ਆਰਡੀਨੈਂਸਾਂ ਨੂੰ ਰੱਦ ਕਰਨ ਦੇ ਮਤੇ ਪਾਸ 

ਝੁਨੀਰ (ਸੁਰਜੀਤ ਵਸ਼ਿਸ਼ਟ): ਗ੍ਰਾਮ ਪੰਚਾਇਤ ਨੰਦਗੜ੍ਹ ਵੱਲੋਂ ਗ੍ਰਾਮ ਸਭਾ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ-ਮਜ਼ਦੂਰ ਵਿਰੋਧੀ ਆਰਡੀਨੈਂਸ ਦੇ ਖਿਲਾਫ਼ ਮਤੇ ਪਾ ਕੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਕੀਤੀਆ ਗਈਆਂ ਸੋਧਾਂ ਨੂੰ ਵੀ ਮਤਾ ਪਾ ਕੇ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਕਾਮਰੇਡ ਗੁਰਮੀਤ ਸਿੰਘ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐੱਮ.ਐਲ.) ਲਿਬਰੇਸ਼ਨ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਕਿਸਾਨ ਵਿਰੋਧੀ ਹੈ ਜੋ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਜਦੂਰਾਂ ਦੀ ਕਿਰਤ ਕੌਡੀਆਂ ਭਾਅ ਵੇਚਣਾ ਚਾਹੁੰਦੀ ਹੈ।ਪਿੰਡ ਵਿਖੇ ਗਰਾਮ ਸਭਾ ਬੁਲਾ ਕੇ ਜਿੱਥੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਅਤੇ ਦੂਸਰੇ ਬਿਜਲੀ ਬਿੱਲਾਂ ਨੂੰ ਰੱਦ ਕਰਨ ਲਈ ਮਤੇ ਪਾਏ ਗਏ ਹਨ ਉਥੇ ਹੀ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਪਿੰਡ ਵਿੱਚ ਨਹੀਂ ਵੜਣ ਦਿੱਤਾ ਜਾਵੇਗਾ। 

ਸ਼੍ਰੋਮਣੀ ਅਕਾਲੀ ਦਲ ਨੇ ਵੱਖਰੇ ਤੌਰ ’ਤੇ ਲਾਏ ਧਰਨੇ

ਬਠਿੰਡਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਬਠਿੰਡਾ ਦਿਹਾਤੀ ਦੇ ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਵਿਚ ਸਿਰਫ਼ ਤੇ ਸਿਰਫ਼ ਅਕਾਲੀ ਵਰਕਰਾਂ ਨੇ ਹੀ ਸ਼ਮੂਲੀਅਤ ਕੀਤੀ। ਸਰੂਪ ਚੰਦ ਸਿੰਗਲਾ ਅਤੇ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਲੜਾਈ ਲੜੀ ਹੈ।  ਇਸ ਮੌਕੇ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਕੇਂਦਰੀ ਵਜ਼ਾਰਤ ਵਿਚ ਦਿੱਤੇ ਅਸਤੀਫ਼ੇ ਦਾ ਗੁਣਗਾਨ ਕੀਤਾ ਗਿਆ।

ਸਿੱਧੂ ਮੂਸੇਵਾਲਾ ਸਮੇਤ ਹੋਰ ਗਾਇਕ ਅੰਨਦਾਤਾ ਦੇ ਹੱਕ ਵਿੱਚ ਉਤਰੇ

ਮਾਨਸਾ ਵਿੱਚ ਖੇਤੀ ਬਿਲਾਂ ਖਿਲਾਫ਼ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬੀ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ, ਅੰਮ੍ਰਿਤ ਮਾਨ, ਕੋਰਵਾਲਾ ਮਾਨ, ਆਰ ਨੇਤ ਨੇ ਕੇਂਦਰ ਦੀ ਮੋਦੀ ਹਕੂਮਤ ਦੇ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਇਸ ਦੇਸ਼ ਵਿੱਚ ਅੰਨਦਾਤਾ ਨਾਲ ਜੋ ਵੀ ਟਕਰਾਇਆ, ਉਸ ਦਾ ਹਮੇਸ਼ਾ ਮਾੜਾ ਸਮਾਂ ਆਇਆ ਹੈ ਅਤੇ ਇਹੋ ਹਾਲ ਹੀ ਹੁਣ ਮੋਦੀ ਹਕੂਮਤ ਦਾ ਹੋਣਾ ਹੈ।  ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਇਸ ਇਲਾਕੇ ਦੇ ਲੋਕ ਇਨ੍ਹਾਂ ਪੰਜਾਬੀ ਗਾਇਕਾਂ ਨੂੰ ਸੁਣਨ ਵਾਸਤੇ ਆਏ ਜਿਸ ਵਿੱਚ ਇਕਮਿਕ ਹੁੰਦਿਆਂ ਇਨ੍ਹਾਂ ਗਾਇਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਦੇਸ਼ ਦੇ ਅੰਨਦਾਤਾ ਨਾਲ ਧੱਕਾ ਕਰਨ ‘ਤੇ ਉਤਰ ਆਈ ਹੈ,ਜਿਸ ਲਈ ਸਰਕਾਰ ਨੂੰ ਠੋਕਵਾਂ ਜਵਾਬ ਦੇਣਾ ਹੀ ਪਵੇਗਾ। ਮਾਨਸਾ ਦੇ ਰਮਦਿੱਤੇਵਾਲਾ ਚੌਂਕ ਵਿਚ ਤਿੰਨ ਘੰਟੇ ਧਰਨਾ ਦੇ ਕੇ ਕੇਂਦਰ ਤੇ ਕਿਸਾਨ ਵਿਰੋਧੀ ਫੈਸਲਿਆਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਧੱਕੇ ਨਾਲ ਇਹ ਬਿਲ ਪਾਸ ਕਰਕੇ ਲੋਕਤੰਤਰ ਦਾ ਗਲਾ ਘੁੱਟਿਆ ਹੈ। ਗਾਇਕ ਸਿੱਧੂ ਮੂਸੇਵਾਲਾ ਨੇ ਇਸ ਦੌਰਾਨ ਇਕ ਪੰਜਾਬੀ ਗੀਤ ਗਾ ਕੇ ਮੋਦੀ ਸਰਕਾਰ ਨੂੰ ਚੱਲਦਾ ਕਰਨ ਦੀ ਚਿਤਾਵਨੀ ਦਿੱਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...