ਮਾਲਵਾ ’ਚ ਮੀਂਹ ਤੇ ਝੱਖੜ ਕਾਰਨ ਫ਼ਸਲਾਂ ਵਿਛੀਆਂ
ਮਾਲਵਾ ਖੇਤਰ ਵਿੱਚ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਬਠਿੰਡਾ ਸਮੇਤ ਮਾਲਵਾ ਪੱਟੀ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ ਮੀਂਹ ਅਤੇ ਝੱਖੜ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਖੇਤਾਂ ਵਿੱਚ ਕਣਕ...
ਮਾਲਵਾ ਖੇਤਰ ਵਿੱਚ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਬਠਿੰਡਾ ਸਮੇਤ ਮਾਲਵਾ ਪੱਟੀ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ ਮੀਂਹ ਅਤੇ ਝੱਖੜ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਖੇਤਾਂ ਵਿੱਚ ਕਣਕ ਦੀ ਫ਼ਸਲ ਵਿਛ ਗਈ ਹੈ। ਮੀਂਹ ਕਾਰਨ ਵਾਢੀ ਦਾ ਕੰਮ ਵੀ ਰੁਕ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਦੇ ਮੌਸਮ ਮਹਿਕਮੇ ਦੇ ਸੇਵਾਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਵੱਲੋਂ ਦੱਸਿਆ ਹੈ ਕਿ ਅਗਲੇ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਵੱਢੀਆਂ ਹੋਈਆਂ ਫਲੀਦਾਰ ਫ਼ਸਲਾਂ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਬੱਸ ਸਟੈਂਡ ਨੇੜੇ ਚੌਕ ’ਚ ਪਾਣੀ ਭਰਨ ਕਾਰਨ ਲੋਕਾਂ ਨੂੰ ਲੰਘਣ ’ਚ ਦਿੱਕਤ ਆਈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪਿਛਲੇ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਕਣਕ ਦੀ ਪੱਕੀ ਫ਼ਸਲ ਦੇ ਨੁਕਸਾਨ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ। ਉਥੇ ਅੱਜ ਦੁਪਹਿਰ ਅਤੇ ਸ਼ਾਮ ਵੇਲੇ ਹੋਈ ਬਰਸਾਤ ਨੇ ਹੋਰ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਮੀਂਹ ਨਾਲ ਖੇਤਾਂ ਵਿੱਚ ਪੱਕੀ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਤੇ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ ਹੈ। ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਕਿਹਾ ਕਿ ਬੇਮੌਸਮੀ ਬਰਸਾਤ ਪੱਕੀਆਂ ਫ਼ਸਲਾਂ ਲਈ ਬੇਹੱਦ ਖ਼ਤਰਨਾਕ ਹੈ।
ਸਿਰਸਾ (ਪ੍ਰਭੂ ਦਿਆਲ): ਇਲਾਕੇ ’ਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਲਗਾਤਾਰ ਵਿਗੜੇ ਮੌਸਮ ਕਾਰਨ ਕਿਸਾਨਾਂ ਚਿੰਤਾ ਵੱਧ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਝੱਖੜ, ਮੀਂਹ ਤੇ ਗੜਿਆਂ ਨਾਲ ਹਾੜ੍ਹੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਫ਼ਸਲ ਜਿਥੇ ਧਰਤੀ ’ਤੇ ਵਿਛ ਗਈ ਹੈ ਉਥੇ ਹੀ ਸਰ੍ਹੋਂ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਵਿਗੜੇ ਮੌਸਮ ਕਾਰਨ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਝੱਖੜ, ਮੀਂਹ ਤੇ ਗੜ੍ਹਿਆਂ ਨਾਲ ਕਣਕ ਤੇ ਸਰ੍ਹੋਂ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ।
ਮੀਂਹ ਕਾਰਨ ਮੁੱਦਕੀ ਦੀ ਪੌਸ਼ ਕਲੋਨੀ ਜਲ-ਥਲ
ਤਲਵੰਡੀ ਭਾਈ (ਸੁਦੇਸ਼ ਕੁਮਾਰ ਹੈਪੀ): ਕਸਬਾ ਮੁੱਦਕੀ ਦੇ ਵਾਰਡ ਨੰਬਰ 3 ਦੀ ਪੌਸ਼ ਕਲੋਨੀ ਅੱਜ ਦੇਰ ਸ਼ਾਮ ਪਏ ਮੀਂਹ ਨਾਲ ਜਲ-ਥਲ ਹੋ ਗਈ। ਕਲੋਨੀ ਦੀਆਂ ਗਲੀਆਂ ਤੇ ਗੰਦੇ ਪਾਣੀ ਦੇ ਨਾਕਸ ਪ੍ਰਬੰਧਾਂ ਕਾਰਨ ਥੋੜ੍ਹੀ ਜਿਹੀ ਬਰਸਾਤ ਵੀ ਇੱਥੇ ਬੁਰਾ ਹਾਲ ਕਰ ਦਿੰਦੀ ਹੈ। ਕਲੋਨੀ ਦੇ ਵਾਸੀ ਤੇ ਸਾਬਕਾ ਕੌਂਸਲਰ ਰਜਿੰਦਰ ਕੁਮਾਰ ਲੱਕੀ ਮਨਚੰਦਾ ਦਾ ਕਹਿਣਾ ਹੈ ਕਿ ਸਰਕਾਰੀ ਬੇਰੁਖ਼ੀ ਚਿੰਤਾਜਨਕ ਹੈ। ਆਪਣੇ ਕਾਰਜਕਾਲ ਦੌਰਾਨ ਉਹ ਪੁਰਾਣੇ ਕੌਮੀ ਮਾਰਗ ਹੇਠੋਂ ਲੰਘਦੀ ਪੁਲੀ ਨੂੰ ਸਮੇਂ-ਸਮੇਂ ’ਤੇ ਪੱਲਿਉਂ ਖਰਚਾ ਕਰਕੇ ਸਾਫ਼ ਕਰਵਾਉਂਦੇ ਰਹੇ ਹਨ। ਉਨ੍ਹਾਂ ਚਿੰਤਾ ਕੀਤੀ ਕਿ ਕਲੋਨੀ ਵਾਸੀ ਇਹ ਸੰਤਾਪ ਪਤਾ ਨਹੀਂ ਕਦੋਂ ਤੱਕ ਭੁਗਤਣਗੇ।
ਘਰ ’ਤੇ ਬਿਜਲੀ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਭੁੱਚੋ ਮੰਡੀ (ਪਵਨ ਗੋਇਲ): ਬੀਤੀ ਰਾਤ ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਇੱਕ ਕੋਠੀ ’ਤੇ ਆਸਮਾਨੀ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਕਾਰਨ ਕੋਠੀ ਦੇ ਫਰਸ਼ ਅਤੇ ਕੰਧਾਂ ਨੁਕਸਾਨੀਆਂ ਗਈਆਂ ਅਤੇ ਬਿਜਲੀ ਫਿਟਿੰਗ ਦੀਆਂ ਤਾਰਾਂ ਸੜ ਕੇ ਸੁਆਹ ਹੋ ਗਈਆਂ। ਆਸਮਾਨੀ ਬਿਜਲੀ ਨੇ ਬਿਜਲੀ ਫਿਟਿੰਗ ਵਾਲੀ ਪਾਈਪ ਉਪਰਲਾ ਸੀਮਿੰਟ ਵੀ ਪੁੱਟ ਦਿੱਤਾ। ਬਿਜਲੀ ਡਿੱਗਣ ਮੌਕੇ ਪੀੜਤ ਪਰਿਵਾਰ ਕੋਠੀ ਵਿੱਚ ਮੌਜਦ ਸੀ, ਪਰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ। ਪੀੜਤ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਬੱਦਲਾਂ ਦੀ ਗਰਜ ਅਤੇ ਚਮਕ ਸਮੇਤ ਕਿਣਮਿਣ ਹੋ ਰਹੀ ਸੀ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਜਦੋਂ ਉਨ੍ਹਾਂ ਨੇ ਉਠ ਕੇ ਦੇਖਿਆ ਤਾਂ ਕੋਠੀ ਦੇ ਫਰਸ਼ ਅਤੇ ਕੰਧਾਂ ਨੁਕਸਾਨੀਆਂ ਹੋਈਆਂ ਸਨ। ਬਿਜਲੀ ਦੀਆਂ ਤਾਰਾਂ ਸੜ ਕੇ ਇਮਾਰਤ ਵਿੱਚੋਂ ਬਾਹਰ ਆ ਗਈਆਂ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਸੂਚਨਾ ਮਿਲਣ ’ਤੇ ਉਨ੍ਹਾਂ ਦਾ ਮੀਟਰ ਉਤਾਰ ਕੇ ਲੈ ਗਏ। ਦੁਬਾਰਾ ਮੀਟਰ ਲਗਾਉਣ ਤੋਂ ਬਾਅਦ ਹੀ ਬਿਜਲਈ ਉਪਕਰਨਾਂ ਦੇ ਸੜੇ ਹੋਣ ਅਤੇ ਕੁੱਲ ਨੁਕਸਾਨ ਬਾਰੇ ਪਤਾ ਲੱਗੇਗਾ।
ਬਿਜਲੀ ਡਿੱਗਣ ਕਾਰਨ ਘਰ ’ਚ ਤਰੇੜਾਂ ਆਈਆਂ
ਏਲਨਾਬਾਦ (ਜਗਤਾਰ ਸਮਾਲਸਰ): ਪਿੰਡ ਤਰਕਾਂਵਾਲੀ ਵਿੱਚ ਇੱਕ ਘਰ ’ਤੇ ਬਿਜਲੀ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਜਿੱਤੇ ਬਿਜਲੀ ਦੇ ਉਪਕਰਨ ਸੜ ਗਏ, ਉਥੇ ਹੀ ਘਰ ਵਿੱਚ ਤਰੇੜਾਂ ਪੈ ਗਈਆਂ ਅਤੇ ਇੱਕ ਨੌਜਵਾਨ ਲੜਕੀ ਜ਼ਖਮੀ ਹੋ ਗਈ। ਇਹ ਘਟਨਾ ਚੰਦੂਰਾਮ ਵਰਮਾ ਦੇ ਘਰ ਵਿੱਚ ਵਾਪਰੀ, ਜਿੱਥੇ ਬਿਜਲੀ ਡਿੱਗਣ ਨਾਲ ਪੂਰੇ ਘਰ ਵਿੱਚ ਤਰੇੜਾਂ ਪੈ ਗਈਆਂ। ਚੰਦੂਰਾਮ ਨੇ ਦੱਸਿਆ ਕਿ ਆਸਮਾਨੀ ਬਿਜਲੀ ਪਾਣੀ ਦੀ ਟੈਂਕੀ ਨਾਲ ਟਕਰਾਅ ਕੇ ਸਿੱਧੀ ਚੁਬਾਰੇ ’ਤੇ ਡਿੱਗੀ ਜਿਸ ਨਾਲ ਇਮਾਰਤ ਨੂੰ ਹਰ ਪਾਸਿਓਂ ਨੁਕਸਾਨ ਪਹੁੰਚਿਆ। ਘਟਨਾ ਸਮੇਂ 18 ਸਾਲਾ ਜੋਤੀ ਘਰੇਲੂ ਕੰਮ ਕਰ ਰਹੀ ਸੀ। ਉਹ ਅਚਾਨਕ ਬਿਜਲੀ ਦੇ ਝਟਕੇ ਨਾਲ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਹੈ।

