ਬਲਜੀਤ ਸਿੰਘ
ਸਰਦੂਲਗੜ੍ਹ, 24 ਸਤੰਬਰ
ਇਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮਾ, ਸਬਜ਼ੀਆਂ ਅਤੇ ਝੋਨੇ ਦੀ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਲਗਾਤਾਰ ਅਤੇ ਤੇਜ਼ੀ ਨਾਲ ਹੋਈ ਬਰਸਾਤ ਕਾਰਨ ਮੀਂਹ ਦਾ ਪਾਣੀ ਨੀਵੇਂ ਖੇਤਾਂ ਵਿਚ ਭਰ ਜਾਣ ਕਰਕੇ ਫਸਲਾਂ ਪਾਣੀ ਵਿਚ ਡੁੱਬ ਗਈਆਂ। ਝੋਨੇ ਦੀ ਜੋ ਫਸਲ ਪੱਕ ਚੁੱਕੀ ਸੀ ਉਹ ਮੀਂਹ ਕਾਰਨ ਵਿਛ ਕੇ ਖਰਾਬ ਹੋਈ। ਇਸੇ ਤਰਾਂ ਹੀ ਨਰਮੇ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਖਿੜ ਚੁੱਕਿਆ ਨਰਮਾ ਮੀਂਹ ਕਾਰਨ ਹੇਠਾਂ ਡਿੱਗ ਪਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸਬਜ਼ੀਆਂ ਵੀ ਖਰਾਬ ਹੋ ਗਈਆਂ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਮਾਰ ਪਈ ਹੈ। ਤੇਜ਼ ਮੀਂਹ ਪੈਣ ਅਤੇ ਹਨੇਰੀ ਕਾਰਨ ਕਈ ਦਰਖ਼ਤ ਵੀ ਟੁੱਟ ਗਏ ਜਿਸ ਕਾਰਨ ਕੁਝ ਸਮੇਂ ਲਈ ਮੁੱਖ ਮਾਰਗ ਅਤੇ ਲਿੰਕ ਸੜਕਾਂ ’ਤੇ ਵੀ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।