ਨਿਰਮਾਣ ਅਧੀਨ ਕੁਤਿਆਣਾ ਮਾਈਨਰ ਵਿੱਚ ਕੰਮ ਪੂਰਾ ਹੋਣ ਤੋਂ ਪਹਿਲਾ ਹੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆ ਹਨ। ਕਿਸਾਨ ਆਗੂਆਂ ਜਗਦੀਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਲਗਪਗ 7 ਕਰੋੜ 29 ਲੱਖ 78 ਹਜ਼ਾਰ ਦੀ ਲਾਗਤ ਨਾਲ ਕੁਤਿਆਣਾ ਮਾਈਨਰ ਦਾ ਪੁਨਰ ਨਿਰਮਾਣ ਕਰਵਾਇਆ ਜਾ ਰਿਹਾ ਹੈ ਪਰ ਉਸਾਰੀ ਦੇ ਕੰਮ ਵਿੱਚ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਦੇ ਅਧਿਕਾਰੀਆਂ ਵੱਲੋਂ ਕਦੇ ਵੀ ਇਸ ਮਾਈਨਰ ਦਾ ਨਿਰੀਖਣ ਨਹੀਂ ਕੀਤਾ ਗਿਆ ਅਤੇ ਉਸਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਮਾਈਨਰ ਵਿੱਚ ਕਈ ਥਾਵਾਂ ’ਤੇ ਤਰੇੜਾਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਨੇ ਉਸਾਰੀ ਦੇ ਕੰਮ ਦੀ ਗੁਣਵੱਤਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਧਰ, ਠੇਕੇਦਾਰ ਪ੍ਰਿਥਵੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਉਸਾਰੀ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਕੰਮ ਸਹੀ ਮਾਪਦੰਡਾਂ ਅਨੁਸਾਰ ਹੀ ਹੋ ਰਿਹਾ ਹੈ।
ਤਰੇੜਾਂ ਦੀ ਮੁਰੰਮਤ ਕੀਤੀ ਜਾਵੇਗੀ: ਐੱਸ ਡੀ ਓ
ਸਿੰਜਾਈ ਵਿਭਾਗ ਦੇ ਐੱਸ ਡੀ ਓ ਹਰਦੀਪ ਸਿੰਘ ਨੇ ਕਿਹਾ ਕਿ ਉਸਾਰੀ ਤੋਂ ਬਾਅਦ ਦਿਖਾਈ ਦੇਣ ਵਾਲੀਆਂ ਤਰੇੜਾਂ ਦੀ ਮੁਰੰਮਤ ਕੀਤੀ ਜਾਵੇਗੀ। ਇੱਕ ਪੁਲ ਕਾਰਨ ਮਾਈਨਰ ਨੂੰ ਇੱਕ ਥਾਂ ’ਤੇ ਨੁਕਸਾਨ ਪੁੱਜਿਆ ਹੈ। ਉਸਾਰੀ ਦੇ ਕੰਮ ਦਾ ਸਮੇਂ-ਸਮੇਂ ਤੇ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਸਾਰੀ ਸਮੱਗਰੀ ਦੀ ਜਾਂਚ ਸਰਕਾਰ ਵੱਲੋਂ ਅਧਿਕਾਰਤ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਦੀ ਹੈ। ਜੂਨੀਅਰ ਇੰਜਨੀਅਰ ਵਿਸ਼ਾਲ ਕੁਮਾਰ ਨੇ ਕਿਹਾ ਕਿ ਕੁਝ ਥਾਵਾਂ ’ਤੇ ਪਾਣੀ ਭਰਨ ਅਤੇ ਦਲਦਲੀ ਜ਼ਮੀਨ ਹੋਣ ਕਾਰਨ ਤਰੇੜਾਂ ਆ ਗਈਆਂ ਹਨ।

