ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ Councillors ਭੁੱਖ ਹੜਤਾਲ ’ਤੇ
ਕਾਂਗਰਸ ਆਗੂਆਂ ਨੇ ਸਮਰਥਨ ਦਿੱਤਾ; ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਸੀਵਰੇਜ ਅਤੇ ਪੀਣਯੋਗ ਪਾਣੀ ਵਰਗੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ਕੌਂਸਲਰ ਅਸ਼ੋਕ ਬਜਾਜ ਆਪਣੇ ਸਾਥੀ ਕੌਂਸਲਰਾਂ ਸਮੇਤ ਸ਼ਹਿਰ ਦੇ ਜਲਘਰ ਅੱਗੇ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇਸ ਮੌਕੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਅਸ਼ੋਕ ਬਜਾਜ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ, ਸਗੋਂ ਘਰਾਂ ਵਿੱਚ ਸੀਵਰੇਜ ਦਾ ਬਦਬੂਦਾਰ ਪਾਣੀ ਆ ਰਿਹਾ ਹੈ। ਥਾਂ-ਥਾਂ ਤੋਂ ਸੀਵਰੇਜ ਲੀਕ ਹੋਣ ਕਾਰਨ ਗਲੀਆਂ ਵਿੱਚ ਗੰਦੇ ਪਾਣੀ ਦੇ ਤਲਾਬ ਬਣੇ ਹੋਏ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨਗਰ ਕੌਂਸਲ ’ਤੇ ਫੰਡਾਂ ਦੀ ਦੁਰਵਰਤੋਂ ਦੇ ਵੀ ਦੋਸ਼ ਲਾਏ। ਦੂਜੇ ਪਾਸੇ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਗਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਫ਼ਾਈ ਸਫ਼ਾਈ ਸੇਵਕਾਂ ਦੀ ਹੜਤਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕਾਰਨ ਕੁਝ ਸਮੱਸਿਆਵਾਂ ਆਈਆਂ ਸਨ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਕੁਝ ਪਾਣੀ ਦੀਆਂ ਪਾਈਪਾਂ ਬੰਦ ਹਨ, ਜਿਨ੍ਹਾਂ ਨੂੰ ਠੀਕ ਕਰਨ ਦਾ ਕੰਮ ਜਾਰੀ ਹੈ। ਇਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਕੌਂਸਲਰ ਅਮਰੀਕ ਸਿੰਘ ਕਲਸੀ, ਨਵਦੀਪ ਸਿੰਘ ਰਿੰਕੂ, ਦਿਨੇਸ਼ ਗਰਗ ਟੋਨੀ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਕੋਟਭਾਈ, ਕੇਵਲ ਅਰੋੜਾ ਅਤੇ ਪਿੰਦਰ ਕੰਗ ਸਮੇਤ ਕਈ ਆਗੂ ਹਾਜ਼ਰ ਸਨ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਵੀ ਪਹੁੰਚ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

