ਕਰੋਨਾ: ਮੁਕਤਸਰ ਜ਼ਿਲ੍ਹੇ ਵਿੱਚ ਤੀਜੀ ਮੌਤ; ਐਕਟਿਵ ਕੇਸ 88

ਕਰੋਨਾ: ਮੁਕਤਸਰ ਜ਼ਿਲ੍ਹੇ ਵਿੱਚ ਤੀਜੀ ਮੌਤ; ਐਕਟਿਵ ਕੇਸ 88

ਮੋਗਾ ਚੌਕ ਵਿਖੇ ਲੋਕਾਂ ਨੂੰ ਮਾਸਕ ਵੰਡਦਾ ਪੁਲੀਸ ਮੁਲਾਜ਼ਮ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਅਗਸਤ 

ਕਰੋਨਾ ਕਾਰਨ ਮੁਕਤਸਰ ਜ਼ਿਲ੍ਹੇ ਵਿੱਚ ਅੱਜ ਤੀਜੀ ਮੌਤ ਹੋਈ ਹੈ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਸਿਹਤ ਵਿਭਾਗ ਦਾ ਦਰਜਾ ਚਾਰ ਕਰਮਚਾਰੀ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਆਖਰੀ ਸਾਹ ਲਿਆ। ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਉਹ ਗੋਨਿਆਣਾ ਰੋਡ ਦਾ ਵਾਸੀ ਸੀ ਜੋ ਸੀਐੱਚਸੀ ਦੋਦਾ ਵਿਚ ਦਰਜਾ ਚਾਰ ਮੁਲਾਜ਼ਮ ਵਜੋਂ ਤਾਇਨਾਤ ਸੀ।  ਉਹ ਆਮ ਬਿਮਾਰੀ ਦੇ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਹੋਇਆ ਸੀ ਕਿ ਇਸ ਦੌਰਾਨ ਉਸ ਦਾ ਕਰੋਨਾ ਟੈਸਟ ਵੀ ਪਾਜ਼ੇਟਿਵ ਆ ਗਿਆ ਤੇ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਇਸ ਵੇਲੇ ਜ਼ਿਲ੍ਹੇ ਵਿੱਚ 88 ਕੇਸ ਐਕਟਿਵ ਹਨ। 

ਪੰਜ ਹੈਲਥ ਵਰਕਰਾਂ ਸਣੇ 60 ਸੱਜਰੇ ਕੇਸ

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਅੱਜ ਹੁਣ ਤੱਕ ਸਭ ਤੋਂ ਜ਼ਿਆਦਾ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਵੇਰਵਿਆਂ ਅਨੁਸਾਰ ਪੰਜ ਹੈਲਥ ਵਰਕਰਾਂ ਸਮੇਤ 60 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜਿਨ੍ਹਾਂ ਵਿੱਚ ਦੋ ਵਿਦੇਸ਼ ਤੋਂ ਆਏ ਵਿਅਕਤੀ ਵੀ ਸ਼ਾਮਲ ਹਨ। ਸਿਰਸਾ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 670 ’ਤੇ ਪੁੱਜ ਗਿਆ ਹੈ। ਨਵੇਂ ਮਿਲੇ ਮਰੀਜ਼ਾਂ ਨੂੰ ਨਾਗਰਿਕ ਹਸਪਤਾਲ ’ਚ ਬਣੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। 

ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ਵਿਚ ਤਿੰਨ ਹੋਰ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ’ਚ ਦੋ ਅਬੋਹਰ ਅਤੇ ਇਕ ਜਲਾਲਾਬਾਦ ਨਾਲ ਸਬੰਧਤ ਹਨ। 

ਡੱਬਵਾਲੀ (ਇਕਬਾਲ ਸਿੰਘ ਸ਼ਾਂਤ) : ਪੰਜਾਬ ਤੇ ਹਰਿਆਣਾ ਦੇ ਸਰਹੱਦੀ ਸ਼ਹਿਰ ਡੱਬਵਾਲੀ ਵਿਚ ਅੱਜ ਕਰੋਨਾ ਦੇ 41 ਨਵੇਂ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚ 22 ਔਰਤਾਂ ਸ਼ਾਮਲ ਹਨ। 

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਲਾਗਲੇ ਪਿੰਡ ਫਤਿਹਗੜ੍ਹ ਨੋ ਆਬਾਦ ਨਵਾਂ ਪਿੰਡ ਦਾ ਵਸਨੀਕ, ਜੋ ਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਫੁੱਲੋਖਾਰੀ ਵਿਚ ਤਾਇਨਾਤ ਸੀ, ਕਰੋਨਾ ਪਾਜ਼ੇਟਿਵ ਪਾਇਆ ਪਾਇਆ ਗਿਆ ਹੈ। ਇਸੇ ਤਰ੍ਹਾਂ ਸਥਾਨਕ ਸ਼ਹਿਰ ਦੇ ਨੱਤ ਰੋਡ ਵਾਸੀ ਔਰਤ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਦੋਵਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰ ਬਠਿੰਡਾ ਭੇਜ ਦਿੱਤਾ ਗਿਆ ਹੈ।  

ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਪੰਜਾਬ ਨੈਸ਼ਨਲ ਬੈਂਕ ਦੀ ਕੈਂਚੀਆਂ ਰੋਡ ’ਤੇ ਸਥਿਤ ਬਰਾਂਚ ਦਾ ਕੈਸ਼ੀਅਰ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਦੌਰਾਨ ਬੈਂਕ ਦੇ 10 ਸਟਾਫ ਮੈਂਬਰਾਂ ਨੂੰ ਕਰੋਨਾ ਟੈਸਟ ਲਈ ਮਾਨਸਾ ਲਿਜਾਇਆ ਗਿਆ। ਅਹਿਤਿਆਤ ਵਜੋਂ ਬੈਂਕ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਮੈਨੇਜਰ ਅਰੂਪ ਸੇਤੀਆ ਨੇ ਦੱਸਿਆ ਕਿ ਬਾਕੀ ਸਟਾਫ ਮੈਂਬਰਾਂ ਦੇ ਟੈਸਟ ਨੈਗੇਟਿਵ ਆਏ ਹਨ। 

ਬਰਨਾਲਾ (ਰਵਿੰਦਰ ਰਵੀ):  ਅੱਜ ਕਰੋਨਾ ਦੇ 19 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਕਰੋਨਾ ਦੇ ਕੁੱਲ ਮਰੀਜ਼ਾ ਦੀ ਗਿਣਤੀ 334 ਹੋ ਗਈ ਹੈ। ਇਸੇ ਦੌਰਾਨ 292 ਮਰੀਜ਼ਾਂ ਦੇ ਲਏ  ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਕਰੋਨਾ ਨਾਲ ਸਬੰਧਤ 133 ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਮੋਗਾ ਜ਼ਿਲ੍ਹੇ ’ਚ 14 ਨਵੇਂ ਕੇਸ ਆਏ ਸਾਹਮਣੇ

ਮੋਗਾ (ਨਿੱਜੀ ਪੱਤਰ ਪ੍ਰੇਰਕ): ਮੋਗਾ ਜ਼ਿਲ੍ਹੇ ’ਚ ਕਰੋਨਾ ਦੇ 14 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ 76 ਪੁਲੀਸ ਅਧਿਕਾਰੀ ਤੇ  ਮੁਲਜ਼ਮ ਵਾਇਰਸ ਤੋਂ ਪੀੜਤ ਸਨ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਵਿਚੋਂ 32 ਹਾਲੇ ਵੀ ਇਲਾਜ ਅਧੀਨ ਹਨ ਜਦਕਿ 44 ਵਿਅਕਤੀਆਂ ਨੇ ਇਸ ਬਿਮਾਰੀ ਉੱਤੇ ਫਤਹਿ ਹਾਸਲ ਕਰ ਲਈ ਹੈ। ਜ਼ਿਲ੍ਹਾ ਪੁਲਿਸ ਦੇ 1283 ਸ਼ੱਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਏ ਗਏ ਸਨ। ਡੀਐੱਸਪੀ (ਸਿਟੀ) ਬਰਜਿੰਦਰ ਸਿੰਘ ਭੁੱਲਰ ਅਤੇ ਡੀਐੱਸਪੀ (ਸਪੈਸ਼ਲ ਬਰਾਂਚ) ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੇ ਟਰੈਫਿਕ ਸਿੱਖਿਆ ਸੈੱਲ ਵੱਲੋਂ ਹੁਣ ਤੱਕ 78 ਹਜ਼ਾਰ ਮਾਸਕ ਵੰਡੇ ਜਾ ਚੁੁੱਕੇ ਹਨ। ਸਿਵਲ ਸਰਜਨ ਡਾ. ਅਮਨਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲੇ ਵਿੱਚ 14 ਨਵੇਂ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕਰੋਨਾ ਖ਼ਿਲਾਫ਼ ਜੰਗ ਜਿੱਤਣ ਵਾਲੇ 10 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All