ਇਕਬਾਲ ਸਿੰਘ ਸ਼ਾਂਤ
ਲੰਬੀ, 3 ਜੂਨ
ਲੌਕਡਾਊਨ ’ਚ ਢਿੱਲ ਮਗਰੋਂ ਕਰੋਨਾ ਮਹਾਮਾਰੀ ਵੱਡੇ ਸ਼ਹਿਰਾਂ ਤੋਂ ਪਿੰਡਾਂ ’ਚ ਪੁੱਜ ਗਈ ਹੈ। ਅੱਜ ਖੇਤਰ ਦੇ ਪਿੰਡ ਤਰਮਾਲਾ ’ਚ ਇੱਕ 19 ਸਾਲਾ ਲੜਕੀ ਕਰੋਨਾ ਪਾਜ਼ੇਟਿਵ ਆਈ ਹੈ। ਇਹ ਲੜਕੀ ਗੁੜਗਾਓਂ ਵਿੱਚ ਇੱਕ ਕਾਲ ਸੈਂਟਰ ’ਚ ਨੌਕਰੀ ਕਰਦੀ ਹੈ। ਸਿਹਤ ਵਿਭਾਗ ਨੇ 1 ਜੂਨ ਨੂੰ ਸੈਂਪਲ ਲੈ ਕੇ ਉਸਨੂੰ ਘਰ ’ਚ ਏਕਾਂਤਵਾਸ ’ਤੇ ਭੇਜ ਦਿੱਤਾ ਸੀ। ਅੱਜ ਰਿਪੋਰਟ ਪਾਜ਼ੇਟਿਵ ਆਉਣ ’ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਤੁਰੰਤ ਭਾਈਕੇਰਾ ਚੌਕੀ ਦੇ ਮੁਖੀ ਵਰੁਣ ਯਾਦਵ ਤੇ ਸਿਹਤ ਅਮਲਾ ਉਸਦੇ ਘਰ ਪੁੱਜਾ। ਲੜਕੀ ਨੂੰ ਕੋਵਿਡ ਹਸਪਤਾਲ ਥੇੜੀ ਦਾਖ਼ਲ ਕਰਵਾਇਆ ਗਿਆ। ਉਸਦੀ ਰਿਹਾਇਸ਼ ਵਾਲੀ ਗਲੀ ਨੂੰ ਭਾਈਕੇਰਾ ਚੌਕੀ ਨੇ ਸੀਲ ਕਰ ਦਿੱਤਾ ਹੈ। ਉਸਦੇ ਪਰਿਵਾਰਕ ਮੈਂਬਰ ਏਕਾਂਤਵਾਸ ’ਤੇ ਭੇਜ ਦਿੱਤੇ ਹਨ। ਹੁਣ ਉਨ੍ਹਾਂ ਦੇ ਕੋਵਿਡ-19 ਟੈਸਟ ਲਏ ਜਾਣਗੇ। ਪਾਜ਼ੇਟਿਵ ਆਈ 19 ਸਾਲਾ ਲੜਕੀ ਨੇ ਦੱਸਿਆ ਕਿ ਉਹ 29 ਮਈ ਨੂੰ ਸ਼ਾਮ ਸਮੇਂ ਰੋਡਵੇਜ਼ ਦੀ ਬੱਸ ਦੀ ਗੁੜਗਾਓਂ ਤੋਂ ਸਿਰਸਾ ਆਈ ਸੀ। ਜਿੱਥੋਂ ਉਸਦਾ ਭਰਾ ਉਸਨੂੰ ਮੋਟਰਸਾਈਕਲ ’ਤੇ ਪਿੰਡ ਤਰਮਾਲਾ ਲੈ ਕੇ ਆਇਆ ਸੀ। ਘਰ ਪੁੱਜਣ ’ਤੇ ਉਹ ਖੁਦ ਹੀ ਅਹਿਤਿਹਾਤ ਵਜੋਂ ਵੱਖਰੇ ਕਮਰੇ ’ਚ ਏਕਾਂਤਵਾਸ ਹੋ ਗਈ ਸੀ। ਬਿਮਾਰੀ ਦੇ ਲੱਛਣਾਂ ਬਾਰੇ ਉਸਨੇ ਕਿਹਾ ਕਿ ਖਾਂਸੀ ਜਾਂ ਬੁਖਾਰ ਜਿਹੀ ਦਿੱਕਤ ਮਹਿਸੂਸ ਨਹੀਂ ਹੋ ਰਹੀ। ਸਿਰਫ਼ ਕੋਵਿਡ-19 ਟੈਸਟ ਦੀ ਰਿਪੋਰਟ ਤੋਂ ਪਾਜ਼ੇਟਿਵ ਹੋਣ ਬਾਰੇ ਪਤਾ ਲੱਗਿਆ ਹੈ। ਇਸਤੋਂ ਪਹਿਲਾਂ ਲੰਬੀ ਹਲਕੇ ’ਚ ਮੰਡੀ ਕਿੱਲਿਆਂਵਾਲੀ, ਚੰਨੂ, ਮਾਹਣੀਖੇੜਾ ’ਚ ਕਰੀਬ ਪੌਨੀ ਦਰਜਨ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ) ਫ਼ਰੀਦਕੋਟ ਜ਼ਿਲੇ ਵਿੱਚ ਕਰੋਨਾ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਕੁਵੈਤ ਤੋਂ ਪਰਤੇ 25 ਸਾਲਾ ਨੌਜਵਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਭਰਤੀ ਕਰ ਲਿਆ ਗਿਆ ਹੈ। ਪੁਲੀਸ ਨਾਕੇ ’ਤੇ ਤਾਇਨਾਤ ਇੱਕ ਪੁਲੀਸ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇੱਕ ਗਰਭਵਤੀ ਔਰਤ ਵੀ ਕਰੋਨਾ ਪਾਜ਼ੇਟਿਵ ਆਈ ਹੈ ਜੋ ਕਿ ਕੁਝ ਦਿਨ ਪਹਿਲਾਂ ਮੁੰਬਈ ਤੋਂ ਵਾਪਸ ਪਰਤੀ ਹੈ। ਕੋਟਕਪੂਰਾ ਦੀ ਵਸਨੀਕ ਇੱਕ ਮਜ਼ਦੂਰ ਔਰਤ ਵੀ ਕਰੋਨਾ ਤੋਂ ਪੀੜਤ ਪਾਈ ਗਈ ਹੈ। ਸਿਵਲ ਸਰਜਨ ਨੇ ਕਿਹਾ ਕਿ ਨਵੇਂ ਆਏ ਚਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਲਿਆ ਹੈ। ਨਵੇਂ ਮਰੀਜ਼ ਆਉਣ ਨਾਲ ਫ਼ਰੀਦਕੋਟ ਜ਼ਿਲੇ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 67 ਹੋ ਗਈ ਹੈ ਜਦੋਂਕਿ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੈ।
ਮਲੋਟ ਵਿੱਚ ਇਕ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ
ਮਲੋਟ (ਨਿੱਜੀ ਪੱਤਰ ਪ੍ਰੇਰਕ) ਪਿਛਲੇ ਦਿਨੀਂ ਸਰਕਾਰੀ ਹਸਪਤਾਲ ਮਲੋਟ ਤੋਂ ਜਾਂਚ ਲਈ ਭੇਜੇ ਸੈਂਪਲਾਂ _ਚੋਂ ਇਕ ਵਿਅਕਤੀ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸੀਨੀਅਰ ਮੈਡੀਕਲ ਅਫਸਰ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਇਕ ਜੂਨ ਨੂੰ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ’ਚੋਂ ਮਲੋਟ ਦੇ ਵਸਨੀਕ ਅਮਰਦੀਪ ਸਿੰਘ ਨਾਮੀ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਪਿਛਲੇ ਦਿਨੀਂ ਕਿਸ ਕਿਸ ਵਿਅਕਤੀ ਦੇ ਸੰਪਰਕ ਵਿੱਚ ਆਇ, ਬਾਰੇ ਪਤਾ ਕਰਕੇ ਸਾਰਿਆਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰਿਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਸ਼ਹਿਰ ’ਚ ਮੁੜ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ’ਤੇ ਸ਼ਹਿਰ ਵਾਸੀਆਂ ’ਚ ਸਹਿਮ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਦੋ ਹੋਰ ਕਰੋਨਾ ਮਰੀਜ਼ ਆਏ ਸਾਹਮਣੇ
ਬਠਿੰਡਾ (ਪੱਤਰ ਪ੍ਰੇਰਕ) ਬਠਿੰਡਾ ਜ਼ਿਲ੍ਹੇ ’ਚ ਅੱਜ ਦੋ ਹੋਰ ਲੋਕਾਂ ਦੀ ਕੋਵਿਡ-19 ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਅੱਜ 145 ਨਵੀਂਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ’ਚੋਂ 143 ਦੀ ਰਿਪੋਰਟ ਨੈਗੇਟਿਵ ਤੇ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 9 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਨ੍ਹਾਂ ਦੋ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਨ੍ਹਾਂ ਦਾ ਯਾਤਰਾ ਪਿਛੋਕੜ ਹੈ। ਇਨ੍ਹਾਂ ਵਿਚੋਂ ਇਕ ਵਿਦੇਸ਼ ਤੋਂ ਪਰਤਿਆ ਸੀ ਤੇ ਸਰਕਾਰੀ ਇਕਾਂਤਵਾਸ ਕੇਂਦਰ ’ਚ ਸੀ ਜਦੋਂਕਿ ਦੂਜਾ ਦਿੱਲੀ ਤੋਂ ਪਰਤਿਆ ਸੀ ਤੇ ਘਰ ’ਚ ਇਕਾਂਤਵਾਸ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 268 ਸੈਂਪਲਾਂ ਦੀ ਰਿਪੋਰਟ ਹਾਲੇ ਆਉਣ ਵਾਲੀ ਹੈ।
ਕੋਟਕਪੂਰਾ ’ਚ ਥਾਣੇਦਾਰ ਸਣੇ ਤਿੰਨ ਮਰੀਜ਼ ਕਰੋਨਾ ਪਾਜ਼ੇਟਿਵ
ਕੋਟਕਪੂਰਾ: (ਨਿੱਜੀ ਪੱਤਰ ਪ੍ਰੇਰਕ) ਅੱਜ ਸ਼ਹਿਰ ’ਚ ਤਿੰਨ ਮਰੀਜ਼ਾਂ ਦੇ ਕਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਹੈ। ਪਾਜ਼ੇਟਿਵ ਮਰੀਜ਼ਾਂ ’ਚ ਪੰਜਾਬ ਪੁਲੀਸ ਦਾ ਇਕ ਥਾਣੇਦਾਰ ਜੋ ਥਾਣਾ ਸ਼ਹਿਰੀ ’ਚ ਤਾਇਨਾਤ ਹੈ। ਇਹ ਪੁਲੀਸ ਮੁਲਾਜ਼ਮ ਪਿਛਲੇ ਕੁੱਝ ਸਮੇਂ ਤੋਂ ਸਥਾਨਕ ਜੈਤੋ ਰੋਡ ’ਤੇ ਪੁਲੀਸ ਨਾਕੇ ’ਤੇ ਡਿਊਟੀ ਕਰ ਰਿਹਾ ਸੀ। ਇੱਕ ਗਰਭਵਤੀ ਪਰਵਾਸੀ ਮਜ਼ਦੂਰ ਔਰਤ ਤੇ ਇਕ ਨੌਜਵਾਨ ਜੋ ਪਿਛਲੇ ਦਿਨੀਂ ਮੁੰਬਈ ਤੋਂ ਕੋਟਕਪੂਰਾ ਵਾਪਸ ਪਰਤਿਆ ਹੈ, ਸ਼ਾਮਲ ਹਨ। ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰੋਟੀ ਭੇਜੇ ਗਏ ਹਨ ਤੇ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਵਾਇਆ ਗਿਆ ਹੈ।