ਅਖ਼ਬਾਰਾਂ ਵਾਲੀ ਦੁਕਾਨ ਦਾ ਰਾਹ ਰੋਕਣ ਤੋਂ ਵਿਵਾਦ ਛਿੜਿਆ

ਅਖ਼ਬਾਰਾਂ ਵਾਲੀ ਦੁਕਾਨ ਦਾ ਰਾਹ ਰੋਕਣ ਤੋਂ ਵਿਵਾਦ ਛਿੜਿਆ

ਕੌਂਸਲ ਵੱਲੋਂ ਦੁਕਾਨ ਅੱਗੇ ਲਾਏ ਗੇਟ ਨੂੰ ਪੁੱਟਦੇ ਹੋਏ ਲੋਕ।

ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 13 ਜਨਵਰੀ

ਨੈਸ਼ਨਲ ਹਾਈਵੇਅ ਨੰਬਰ 15 ’ਤੇ ਸਥਿਤ ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰੇ ’ਚ ਨਗਰ ਕੌਂਸਲ ਦੇ ਨਵੇਂ ਬੱਸ ਅੱਡੇ ਅੰਦਰ ਪਿਛਲੇ 37 ਸਾਲ ਤੋਂ ਅਖ਼ਬਾਰਾਂ ਵੇਚਣ ਵਾਲੇ ਦੁਕਾਨਦਾਰ ਜਤਿੰਦਰ ਕੁਮਾਰ ਦੀ ਦੁਕਾਨ ਦਾ ਰਸਤਾ ਰੋਕਣ ’ਤੇ ਵਿਵਾਦ ਉਸ ਸਮੇਂ ਕਾਫ਼ੀ ਭਖ ਗਿਆ, ਜਦੋਂ ਇਸ ਮਾਮਲੇ ਵਿਚ ਬੱਸ ਅੱਡੇ ਦੇ ਹੋਰ ਦੁਕਾਨਦਾਰਾਂ ਤੇ ਟਰਾਂਸਪੋਟਰਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਲੋਕਾਂ ਨੇ ਕੌਂਸਲ ਦੁਆਰਾ ਲਾਏ ਗੇਟ ਪੁੱਟ ਕੇ ਆਪਣਾ ਵਿਰੋਧ ਜਤਾਇਆ।

ਇਸ ਮਾਮਲੇ ’ਚ ਮੈਦਾਨ ਵਿਚ ਕੁੱਦੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਢਿਲਵਾਂ, ਮਨਪ੍ਰੀਤ ਧਾਲੀਵਾਲ, ਜਸਵਿੰਦਰ ਜੱਸਾ ਤੇ ਹੋਰ ਆਗੂਆਂ ਨੇ ਕੌਂਸਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ।

ਜਾਣਕਾਰੀ ਅਨੁਸਾਰ ਬੱਸ ਅੱਡੇ ਅੰਦਰ ਵਿਕਾਸ ਕਾਰਜ ਦੇ ਨਾਂ ’ਤੇ ਕੌਂਸਲ ਗੇਟ ਨੰਬਰ 1 ਉੱਤੇ 30 ਫੁੱਟ ਚੌੜਾ ਗੇਟ ਲੱਗਾ ਰਹੀ ਹੈ ਜਿਸ ਦਾ ਹੋਰ ਦੁਕਾਨਦਾਰਾਂ ਤੇ ਨਿੱਜੀ ਟਰਾਂਸਪੋਰਟਰਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਗੇਟ ਲੱਗਣ ਨਾਲ ਇਸ ਦੁਕਾਨਦਾਰ ਦੀ ਦੁਕਾਨ ਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ। ਪੀੜਤ ਦੁਕਾਨਦਾਰ ਨੇ ਕੌਂਸਲ ਅਧਿਕਾਰੀਆਂ ਤੋਂ ਪੁੱਛਿਆ ਕਿ ਉਸ ਦੀ ਦੁਕਾਨ ਲਈ ਕੋਈ ਬਦਲਵਾਂ ਰਾਹ ਕਿਹੜਾ ਹੋਵੇਗਾ। ਦੁਕਾਨ ਨੰਬਰ 3 ਦੇ ਕਿਰਾਏਦਾਰ ਜਤਿੰਦਰ ਕੁਮਾਰ ਨੇ ਆਖਿਆ ਕਿ ਪੰਜਾਬ ’ਚ ਅਤਿਵਾਦ ਦੇ ਕਾਲੇ ਦੌਰ ਦੌਰਾਨ 1984 ਤੋਂ ਉਸ ਕੋਲ ਬੱਸ ਸਟੈਂਡ ਦੀ ਇਸ ਦੁਕਾਨ ਦੀ ਕਿਰਾਏਦਾਰੀ ਹੈ ਤੇ ਉਹ ਲਗਾਤਾਰ ਕੌਂਸਲ ਨੂੰ ਹਰ ਮਹੀਨੇ ਕਿਰਾਇਆ ਅਦਾ ਕਰ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਬੱਸਾਂ ਕੌਂਟਰ ’ਤੇ ਨਾ ਲੱਗਣ ਤੇ ਅੱਡੇ ਦੀ ਇਮਾਰਤ ਅਣਸੁਰੱਖਿਅਕ ਹੋਣ ਕਰਕੇ ਉਹ ਮੇਨ ਗੇਟ ਅੱਗੇ ਆਪਣਾ ਖੋਖਾ ਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਪੀੜਤ ਮੁਤਾਬਕ ਉਸ ਨੂੰ ਇਸ ਜਗ੍ਹਾਂ ’ਤੇ ਖੋਖਾ ਰੱਖਣ ਦੀ ਇਜਾਜ਼ਤ ਅਦਾਲਤ ਰਾਹੀਂ ਮਿਲੀ ਹੈ। ਉਧਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ ਨੇ ਇਸ ਬਾਰੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All