ਖੇਤੀ ਬਿੱਲਾਂ ਵਿਰੁੱਧ ਮੈਦਾਨ ’ਚ ਨਿੱਤਰੇ ਕਾਂਗਰਸੀ

ਖੇਤੀ ਬਿੱਲਾਂ ਵਿਰੁੱਧ ਮੈਦਾਨ ’ਚ ਨਿੱਤਰੇ ਕਾਂਗਰਸੀ

ਬਠਿੰਡਾ ਵਿਚ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਕਾਰਕੁਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 21 ਸਤੰਬਰ

ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨੇ ਸੰਸਦ ਵਿਚ ਪਾਸ ਹੋਏ ਖੇਤੀ ਬਿੱਲਾਂ ਵਿਰੁੱਧ ਇੱਥੇ ਅਨਾਜ ਮੰਡੀ ਵਿਚ ਆਪਣੀ ਆਵਾਜ਼ ਬੁਲੰਦ ਕੀਤੀ। ਇੱਥੇ ਲਾਏ ਧਰਨੇ ’ਚ ਆਗੂਆਂ ਨੇ ਭਾਜਪਾ ’ਤੇ ਖੇਤੀ ਬਿੱਲਾਂ ਨੂੰ ‘ਜਾਬਰ’ ਢੰਗ ਨਾਲ ਸੰਸਦ ’ਚੋਂ ਪਾਸ ਕਰਾਉਣ ਦੇ ਦੋਸ਼ ਲਾਉਂਦਿਆਂ ਕਿਹਾ ਦੇਸ਼ ਦਾ ਜਮਹੂਰੀ ਤੰਤਰ ਲੀਰੋ-ਲੀਰ ਕਰਨ ਲਈ ਮੋਦੀ ਸਰਕਾਰ ਦਾ ਨਾਂ ਇਤਿਹਾਸ ’ਚ ਦੋਸ਼ੀਆਂ ਵਜੋਂ ਲਿਖਿਆ ਜਾਵੇਗਾ। ਆਗੂਆਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਬਿਪਤਾ ਦੀ ਘੜੀ ’ਚ ਕਾਂਗਰਸ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ‘ਪੰਜਾਬ ਦਾ ਰਾਖਾ’ ਕਹਿ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਾਸ ਹੋਏ ਬਿੱਲਾਂ ਨੂੰ ਅਦਾਲਤ ਵਿਚ ਕਾਨੂੰਨੀ ਚੁਣੌਤੀ ਦੇਣ ਦੀ ਗੱਲ ਕੀਤੀ ਹੈ। ਧਰਨੇ ’ਚ ਜਗਰੂਪ ਸਿੰਘ ਗਿੱਲ, ਮੋਹਨ ਲਾਲ ਝੁੰਬਾ, ਅਸ਼ੋਕ ਭੋਲਾ ਸ਼ਾਮਲ ਹੋਏ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਕਾਂਗਰਸ ਦੇ ਸੱਦੇ ’ਤੇ ਇੱਥੇ ਵਿਧਾਨ ਸਭਾ ਹਲਕਾ ਪੱਧਰ ਉੱਤੇ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਚ ਧਰਨੇ ਦਿੱਤੇ ਗਏ। ਇਸ ਦੌਰਾਨ ਪਿੰਡਾਂ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਕੇ ਖੇਤੀ ਵਿਰੋਧੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਗਈ। ਇੱਥੇ ਨਵੀਂ ਅਨਾਜ ਮੰਡੀ ਵਿਚ ਧਰਨੇ ਨੂੰ ਪੰਜਾਬ ਕਾਂਗਰਸ ਦੇ ਸੂਬਾਈ ਆਗੂ ਤੇ ਪਾਰਟੀ ਬੁਲਾਰੇ ਡਾ. ਤਾਰਾ ਸਿੰਘ ਸੰਧੂ ਨੇ, ਧਰਮਕੋਟ ਵਿਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ, ਬਾਘਾਪੁਰਾਣਾ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਨਿਹਾਲ ਸਿੰਘ ਵਾਲਾ ’ਚ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੇ ਸੰਬੋਧਨ ਕੀਤਾ।

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਅੱਜ ਕਾਂਗਰਸ ਵੱਲੋਂ ਗਿੱਦੜਬਾਹਾ ਕਚਹਿਰੀ ਵਿਚ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਵੱਲੋਂ ਕਾਲੇ ਕਾਨੂੰਨ ਲਿਆ ਕੇ ਦੇਸ਼ ਨੂੰ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਅਕਾਲੀ ਦਲ ਅੰਦਰਖਾਤੇ ਭਾਜਪਾ ਨਾਲ ਘਿਓ-ਖਿਚੜੀ: ਮੁਹੰਮਦ ਸਦੀਕ

ਜੈਤੋ (ਪੱਤਰ ਪ੍ਰੇਰਕ): ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਅੱਜ ਇੱਥੇ ਰਾਮਲੀਲ੍ਹਾ ਗਰਾਊਂਡ ਵਿਚ ਧਰਨਾ ਲਾ ਕੇ ਰੋਸ ਜਤਾਇਆ। ਸ੍ਰੀ ਸਦੀਕ ਨੇ ਕਿਹਾ ਕਿ ਮੋਦੀ ਹਕੂਮਤ ਦਾ ਖੇਤੀ ਬਿੱਲਾਂ ਰਾਹੀਂ ਕਿਸਾਨਾਂ ’ਤੇ ਇਹ ਵੱਡਾ ਹਮਲਾ ਹੈ। ਅਕਾਲੀ ਦਲ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਆਖਿਆ ਕਿ ਅਕਾਲੀ ਦਲ ਅੰਦਰਖਾਤੇ ਭਾਜਪਾ ਨਾਲ ਘਿਓ-ਖਿਚੜੀ ਹੈ। ਮੁਹੰਮਦ ਸਦੀਕ ਵੱਲੋਂ ਗੁਰੂ ਤੇਗ਼ ਬਹਾਦਰ ਨਗਰ ਅਤੇ ਢਿੱਲਵਾਂ ਕਲਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਦਾ ਵੀ ਉਦਘਾਟਨ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All