ਕਾਂਗਰਸ ਨੇ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਿਆ
ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਅਹੁਦੇ ਤੋਂ ਹਟਾਉਣ ਦੀ ਮੰਗ; ਕਾਰਵਾਈ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ
ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਅਤੇ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿੱਚ ਪਾਰਟੀ ਦੇ ਵਫ਼ਦ ਨੇ ਰਾਜਪਾਲ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਬਾਰੇ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਾਂਗਰਸੀ ਆਗੂਆਂ ਨੇ ਗੰਭੀਰ ਦੋਸ਼ ਲਾਇਆ ਕਿ ਲੰਘੀ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਦੇ ਸਬੰਧ ’ਚ ਹੋਏ ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੌਰਾਨ ਉੱਥੇ ਹਾਜ਼ਰ ਮੁੱਖ ਮੰਤਰੀ ਕਥਿਤ ਸ਼ਰਾਬ ਦੇ ਨਸ਼ੇ ਦੀ ਸਥਿਤੀ ’ਚ ਸਨ, ਜਿਸ ਨਾਲ ਪਵਿੱਤਰ ਵਿਧਾਨ ਸਭਾ ਦੀ ਮਰਿਆਦਾ ਭੰਗ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਲਾਈਵ ਟੈਲੀਕਾਸਟ ਰਾਹੀਂ ਸਦਨ ਦੀ ਇਸ ਨਮੋਸ਼ੀ ਭਰੀ ਕਾਰਵਾਈ ਨੂੰ ਪੂਰੀ ਦੁਨੀਆਂ ਨੇ ਵੇਖਿਆ। ਉਨ੍ਹਾਂ ਦੱਸਿਆ ਕਿ ਪੱਤਰ ’ਚ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਵਿਧਾਨ ਸਭਾ ’ਚ ਮੌਜੂਦ ਕਾਂਗਰਸੀ ਵਿਧਾਇਕਾਂ ਵੱਲੋਂ ਸਪੀਕਰ ਨੂੰ ਪੱਤਰ ਦੇ ਕੇ ਉੱਥੇ ਹਾਜ਼ਰ ਸਦਨ ਦੇ ਸਮੁੱਚੇ ਮੈਂਬਰਾਂ ਦਾ ਅਲਕੋਹਲ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਮੁੱਖ ਮੰਤਰੀ ਵੱਲੋਂ ਸਦਨ ’ਚੋਂ ਬਾਹਰ ਚਲੇ ਜਾਣਾ, ਇਸ ਗੱਲ ਨੂੰ ਪੁਖ਼ਤਾ ਕਰਦਾ ਹੈ ਕਿ ਦਾਲ ’ਚ ਕੁੱਝ ਜ਼ਰੂਰ ਕਾਲਾ ਸੀ, ਜਿਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ’ਤੇ ਪਹਿਲਾਂ ਵੀ ਕਈ ਦਫ਼ਾ ਅਜਿਹੇ ਦੋਸ਼ ਲੱਗ ਚੁੱਕੇ ਹਨ, ਇਸ ਲਈ ਉਨ੍ਹਾਂ ਦਾ ਆਪਣੇ ਸਨਮਾਨਯੋਗ ਅਹੁਦੇ ’ਤੇ ਸੁਸ਼ੋਭਿਤ ਰਹਿਣਾ ਵਾਜਬ ਨਹੀਂ। ਜ਼ਿਲ੍ਹਾ ਪ੍ਰਧਾਨਾਂ ਨੇ ਇਸ ਚਿਤਾਵਨੀ ਨਾਲ ਆਪਣੀ ਗੱਲ ਮੁਕਾਈ ਕਿ ਜੇਕਰ ਕਾਂਗਰਸ ਪਾਰਟੀ ਵੱਲੋਂ ਦਿੱਤੇ ਮੰਗ ਪੱਤਰ ਨੂੰ ਵਾਚ ਕੇ, ਗਵਰਨਰ ਵੱਲੋਂ ਕੋਈ ਸਖ਼ਤ ਫੈਸਲਾ ਨਾ ਲਿਆ ਗਿਆ ਤਾਂ ਫਿਰ ਪਾਰਟੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਮੁੱਖ ਮੰਤਰੀ ਵਿਰੁੱਧ ਕਾਰਵਾਈ ਲਈ ਸੰਘਰਸ਼ ਕਰੇਗੀ। ਵਫ਼ਦ ਵਿੱਚ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਡਾਇਰੈਕਟਰ ਮਾਰਕਫੈੱਡ ਟਹਿਲ ਸਿੰਘ ਸੰਧੂ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਅਸ਼ੋਕ ਕੁਮਾਰ ਤੇ ਬਲਵੰਤ ਰਾਏ ਨਾਥ (ਦੋਵੇਂ ਸਾਬਕਾ ਮੇਅਰ), ਅਨਿਲ ਭੋਲਾ, ਮਾਧਵ ਸ਼ਰਮਾ, ਸੁਨੀਲ ਕੁਮਾਰ, ਕਮਲਜੀਤ ਭੰਗੂ ਸਮੇਤ ਕੁੱਝ ਹੋਰ ਆਗੂ ਵੀ ਸ਼ਾਮਲ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਫ਼ਦ ਵਿੱਚ ਹੋਰਾਂ ਤੋਂ ਇਲਾਵਾ ਨਰਿੰਦਰ ਸਿੰਘ ਕਾਉਣੀ, ਸਾਹਿਬ ਸਿੰਘ ਭੂੰਦੜ, ਗੁਰਪ੍ਰੀਤ ਸਿੰਘ ਹਰੀਕੇ ਕਲਾਂ, ਜਤਿੰਦਰ ਸਿੰਘ ਚੋਟੀਆਂ, ਸ਼ਰਨਜੀਤ ਸਿੰਘ ਕਬਰਵਾਲਾ, ਜਸਪ੍ਰੀਤ ਭਲਾਈਆਣਾ ਹੋਰੀਂ ਵੀ ਸ਼ਾਮਲ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਕਥਿਤ ਤੌਰ ਨਸ਼ੇ ਦੀ ਹਾਲਤ ਵਿੱਚ ਸਦਨ ਵਿੱਚ ਪਹੁੰਚੇ ਸਨ। ਪੱਤਰ ਰਾਹੀਂ ਰਾਜਪਾਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਣ ਅਤੇ ਮੁੱਖ ਮੰਤਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

