DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Computer Teachers ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਡੀ ਸੀ ਦਫ਼ਤਰਾਂ ਅੱਗੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ

  • fb
  • twitter
  • whatsapp
  • whatsapp
featured-img featured-img
ਫ਼ਿਰੋਜ਼ਪੁਰ ਵਿੱਚ ਲਾਰਿਆਂ ਦੀ ਪੰਡ ਫੂਕਦੇ ਹੋਏ ਅਧਿਆਪਕ।
Advertisement

ਫਿਰੋਜ਼ਪੁਰ/ਬਰਨਾਲਾ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਲਈ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਅਤੇ ਲਾਰੇ ਲਾਉਣ ਦੇ ਵਿਰੋਧ ਵਿੱਚ ਅੱਜ ਰੋਸ ਮੁਜ਼ਾਹਰੇ ਕੀਤੇ ਗਏ। ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਫਿਰੋਜ਼ਪੁਰ ਵਿੱਚ ਅਧਿਆਪਕਾਂ ਨੇ ‘ਸਰਕਾਰ ਦੇ ਲਾਰਿਆਂ ਦੀ ਪੰਡ’ ਫੂਕੀ, ਜਦਕਿ ਬਰਨਾਲਾ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਆਗੂਆਂ ਹਰਜੀਤ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਸਿਕੰਦਰ ਸਿੰਘ ਅਤੇ ਪਰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕ ਅੱਜ ਵੀ ਆਪਣੇ ਬਣਦੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਸਰਕਾਰ ਨਾਲ ਹੁਣ ਤੱਕ 70 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਵਾਰ ਮੀਟਿੰਗਾਂ ਵਿੱਚ ਭਰੋਸਿਆਂ ਤੋਂ ਸਿਵਾਏ ਅਮਲੀ ਰੂਪ ਵਿੱਚ ਕੁਝ ਨਹੀਂ ਮਿਲਿਆ।

ਯੂਨੀਅਨ ਆਗੂਆਂ ਨੇ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਹੁਣ ਸਿਰਫ਼ ਮੀਟਿੰਗਾਂ ਅਤੇ ਲਾਰਿਆਂ ਨਾਲ ਕੰਪਿਊਟਰ ਅਧਿਆਪਕ ਸੰਤੁਸ਼ਟ ਨਹੀਂ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੇ ਇਸ ਗੰਭੀਰ ਮਸਲੇ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਠੋਸ ਫ਼ੈਸਲੇ ਲਏ ਜਾਣ। ਇਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿਵੇਂ ਕਿ ਡੀ.ਟੀ.ਐਫ. ਵੱਲੋਂ ਵੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਵੀ ਇੰਦਰ ਸਿੰਘ ਗਿੱਲ, ਮੁਕੇਸ਼ ਚੌਹਾਨ, ਸੰਜੀਵ ਮਨਚੰਦਾ, ਰਾਜੀਵ ਕੁਮਾਰ, ਰਮਨ ਸਿੰਗਲਾ ਆਦਿ ਹਾਜ਼ਰ ਸਨ।

Advertisement

Advertisement

ਅਧਿਆਪਕਾਂ ਵੱਲੋਂ ਧਰਨਾ

ਬਠਿੰਡਾ (ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੇ ਸੱਦੇ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ। ਤਲਵੰਡੀ ਸਾਬੋ ਕੈਂਪਸ ਦੇ ਪੁਟਾ ਮੈਂਬਰਾਂ ਡਾ. ਜਗਤਾਰ ਸਿੰਘ ਅਤੇ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਧਰਨੇ ਦੌਰਾਨ ਅਧਿਆਪਕਾਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਬੇਵਜ੍ਹਾ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਸੀਨੀਆਰਤਾ ਨਾਲ ਸਬੰਧਤ ਮਾਮਲੇ ਹੱਲ ਕੀਤੇ ਜਾਣ। ਇਸ ਮੌਕੇ ਸੀਨੀਅਰ ਪ੍ਰੋਫੈਸਰ ਡਾ. ਹਜ਼ੂਰ ਸਿੰਘ, ਡਾ. ਜਗਤਾਰ ਸਿੰਘ, ਡਾ. ਲਖਵੀਰ ਸਿੰਘ, ਡਾ. ਕੈਂਡੀ ਗੋਇਲ, ਡਾ. ਮਨੋਜ ਕੁਮਾਰ, ਡਾ. ਸੰਜੀਵ ਮਹਿਤਾ, ਡਾ. ਸੰਦੀਪ ਰਾਣਾ, ਡਾ. ਸੁਨੀਤਾ ਰਾਣੀ, ਡਾ. ਸੁਮੀਤ ਕੌਰ, ਡਾ. ਬਲਜਿੰਦਰ ਕੌਰ, ਡਾ. ਭਾਵਨਾ ਸ਼ਰਮਾ, ਡਾ. ਸ਼ਰੂਤੀ ਹਾਜ਼ਰ ਸਨ।

Advertisement
×