ਪੰਜ ਪਿੰਡਾਂ ’ਚ 58 ਲੋੜਵੰਦਾਂ ਨੂੰ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ
ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਬੇਮੁਹਾਰੇ ਮੀਂਹਾਂ ਕਾਰਨ ਨੁਕਸਾਨ ਗਏ ਘਰਾਂ ਲਈ ਪੰਜ ਪਿੰਡਾਂ ਦੇ 58 ਲੋੜਵੰਦਾਂ ਨੂੰ 38 ਲੱਖ ਰੁਪਏ ਦੀ ਰਾਸ਼ੀ ਦੇ ਮੁਆਵਜ਼ਾ ਸਬੰਧੀ ਮਨਜ਼ੂਰੀ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਇਸ ਮੁਆਵਜ਼ਾ ਨਾਲ ਇਹ ਲੋੜਵੰਦ ਪਰਿਵਾਰ ਆਪਣੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਕਰ ਮੁੜ ਆਪਣਾ ਖੁਸ਼ੀ ਭਰਿਆ ਜੀਵਨ ਬਤੀਤ ਕਰ ਸਕਣਗੇ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਹਲਕੇ ਦੇ ਪਿੰਡ ਖੀਵਾ ਖੁਰਦ, ਬੱਪੀਆਣਾ, ਹੋਡਲਾ ਕਲਾਂ, ਅਕਲੀਆ ਅਤੇ ਠੂਠਿਆਂਵਾਲੀ ਵਿੱਚ ਬੇਮੁਹਾਰੇ ਮੀਂਹਾਂ ਕਾਰਨ ਜਿਹੜੇ ਲੋੜਵੰਦ ਪਰਿਵਾਰਾਂ ਦੇ ਮਕਾਨ ਨੁਕਸਾਨ ਗਏ ਸਨ, ਉਨ੍ਹਾਂ ਨੂੰ ਅੱਜ ਮੁਆਵਜ਼ਾ ਰਾਸ਼ੀ ਸਬੰਧੀ ਮਨਜ਼ੂਰੀ ਪੱਤਰ ਸੌਂਪੇ ਗਏ ਹਨ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਵੱਖ-ਵੱਖ ਪੜਾਵਾਂ ਦੌਰਾਨ ਰਾਜ ਭਰ ਵਿੱਚ 25 ਹਜ਼ਾਰ ਘਰ ਬਣਾਉਣ ਦੀ ਤਜਵੀਜ਼ ਆਰੰਭ ਹੋ ਚੁੱਕੀ ਹੈ, ਜਿਸ ਤਹਿਤ ਪਹਿਲੇ ਪੜਾਅ ਵਜੋਂ 15,000 ਘਰ ਬਣਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਨੂੰ ਬੇਘਰਾਂ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਸਾਰਿਆਂ ਲਈ ਬਕਾਇਦਾ ਘਰਾਂ ਨੂੰ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਣ-ਅਧਿਕਾਰਤ ਪੈਂਦੇ ਪਲਾਂਟ ਵਿੱਚ ਐੱਨ ਓ ਸੀ ਜਾਰੀ ਕਰਨ ਲਈ ਯੂਨੀਫਾਈਡ ਸਿੰਗਲ ਵਿੰਡੋ ਪਰੋਟਲ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ।
