ਦਲਿਤ ਬੱਚਿਆਂ ਉੱਤੇ ਵਰਤੇ ਕਹਿਰ ਦਾ ਕਮਿਸ਼ਨ ਨੇ ਲਿਆ ਨੋਟਿਸ

ਦਲਿਤ ਬੱਚਿਆਂ ਉੱਤੇ ਵਰਤੇ ਕਹਿਰ ਦਾ ਕਮਿਸ਼ਨ ਨੇ ਲਿਆ ਨੋਟਿਸ

ਪੀੜਤ ਬੱਚਿਆਂ ਦੀ ਮਾਂ ਤੇ ਹੋਰਾਂ ਨਾਲ ਤਸਵੀਰ

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਗਸਤ

ਥਾਣਾ ਅਜੀਤਵਾਲ ’ਚ ਮੋਬਾਈਲ ਚੋਰੀ ਦੇ ਸ਼ੱਕ ’ਚ ਦਲਿਤ ਬੱਚਿਆਂ ਨੂੰ ਨਿਰਵਸਤਰ ਕਰ ਕੇ ਕਥਿਤ ਕਹਿਰ ਢਾਹੇ ਜਾਣ ਦਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪੰਜਾਬੀ ਟ੍ਰਿਬਿਊਨ ’ਚ ਛਪੀ ਖ਼ਬਰ ਤੋਂ ਗੰਭੀਰ ਨੋਟਿਸ ਲਿਆ ਹੈ। ਇਸ ਮਾਮਲੇ ਵਿੱਚ ਸਬੰਧਤ ਡੀਐੱਸਪੀ ਨੂੰ 14 ਅਗਸਤ ਨੂੰ ਪ੍ਰਗਤੀ ਰਿਪੋਰਟ ਸਣੇ ਕਮਿਸ਼ਨ ਅੱਗੇ ਪੇਸ਼ ਹੁਣ ਦਾ ਹੁਕਮ ਦਿੱਤਾ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਤੇ ਸੇਵਾ ਮੁਕਤ ਆਈਪੀਐੱਸ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਟ੍ਰਿਬਿਊਨ ’ਚ 9 ਅਗਸਤ ਦੇ ਅੰਕ ਵਿੱਚ ਛਪੀ ਖ਼ਬਰ ਤੋਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਮੋਬਾਈਲ ਚੋਰੀ ਦੇ ਸ਼ੱਕ ’ਚ ਦਲਿਤ ਬੱਚਿਆਂ ਨੂੰ ਨਿਰਵਸਤਰ ਕਰ ਕੇ ਕਥਿਤ ਕਹਿਰ ਢਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਡੀਐੱਸਪੀ ਨੂੰ 14 ਅਗਸਤ ਨੂੰ ਕਮਿਸ਼ਨ ਕੋਲ ਇਸ ਮਾਮਲੇ ਦੀ ਪ੍ਰਗਤੀ ਰਿਪੋਰਟ ਸਮੇਤ ਤਲਬ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਸਥਾਨਕ ਜ਼ਿਲ੍ਹਾ ਡੀਸੀਪੀਓ ਨੂੰ ਵੀ ਬੱਚਿਆਂ ਤੋਂ ਪੁੱਛ ਪੜਤਾਲ ਕਰਕੇ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਡੀਐੱਸਪੀ ਨਿਹਾਲ ਸਿੰਘ ਵਾਲਾ ਮਨਮੋਹਣ ਸਿੰਘ ਔਲਖ ਨੇ ਆਖਿਆ ਕਿ ਬੱਚਿਆਂ ਦੀ ਮਾਂ ਨੇ ਪੁਲੀਸ ਖ਼ਿਲਾਫ਼ ਗਲਤ ਫ਼ਹਿਮੀ ’ਚ ਸ਼ਿਕਾਇਤ ਦੇਣ ਅਤੇ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਕਰਨ ਬਾਰੇ ਬਿਆਨ ਲਿਖਵਾ ਦਿੱਤਾ ਹੈ।

ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਪੁਲੀਸ ਦੇ ਡੀਐੱਸਪੀ ਨੂੰ ਇੱਕ ਹੋਰ ਮਾਮਲੇ ਵਿੱਚ 14 ਅਗਸਤ ਨੂੰ ਹੀ ਤਲਬ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਕੁਲਵਿੰਦਰ ਸਿੰਘ ਪਿੰਡ ਰੌਲੀ (ਮੋਗਾ) ਕੁਝ ਸਮਾਂ ਪਹਿਲਾਂ ਕਿਸੇ ਕਾਰਨ ਖੁਦਕੁਸ਼ੀ ਕਰ ਗਿਆ ਸੀ। ਉਸ ਦੇ ਇੱਕ ਲੜਕਾ ਅਤੇ ਇੱਕ 3 ਸਾਲ ਦੀ ਲੜਕੀ ਪ੍ਰਭਨੂਰ ਕੌਰ ਹੈ। ਇਹ ਬੱਚੀ ਉਸ ਦੀ ਦਾਦੀ ਮਨਜੀਤ ਕੋਲ ਹੈ। ਕਮਿਸ਼ਨ ਕੋਲ ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਇਹ ਬੱਚੀ ਲੈਣ ਲਈ ਪਹੁੰਚ ਕੀਤੀ ਹੈ। ਕਮਿਸ਼ਨ ਨੇ ਇਹ ਮਾਮਲਾ ਸਥਾਨਕ ਚਾਈਡ ਵੈਲਫ਼ੇਅਰ ਕਮੇਟੀ (ਸੀਡਬਲਿਊਸੀ) ਨੂੰ ਸੌਪ ਦਿੱਤਾ ਸੀ। ਕਮੇਟੀ ਨੇ ਬੱਚੀ ਦੀ ਦਾਦੀ ਮਨਜੀਤ ਕੌਰ ਨੂੰ ਤਲਬ ਕੀਤਾ ਸੀ ਅਤੇ ਉਸ ਨੂੰ ਬੱਚੀ ਕਮੇਟੀ ਅੱਗੇ ਪੇਸ਼ ਕਰਨ ਲਈ ਆਖਿਆ ਗਿਆ ਪਰ ਉਸਨੇ ਬੱਚੀ ਪੇਸ਼ ਨਹੀਂ ਕੀਤੀ। ਇਸ ਮਗਰੋਂ ਕਮੇਟੀ ਨੇ ਸਥਾਨਕ ਪੁਲੀਸ ਨੂੰ ਬੱਚੀ ਨੂੰ ਲਿਆ ਕੇ ਕਮੇਟੀ ਅੱਗੇ ਪੇਸ਼ ਕਰਨ ਲਈ ਹਦਾਇਤ ਕੀਤੀ ਸੀ। ਪਰ ਕਰੀਬ ਇੱਕ ਮਹੀਨਾਂ ਬੀਤ ਜਾਣ ਉੱਤੇ ਪੁਲੀਸ ਬੱਚੀ ਨੂੰ ਪੇਸ਼ ਨਹੀਂ ਕਰ ਸਕੀ। ਕਮਿਸ਼ਨ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਡੀਐੱਸਪੀ (ਕ੍ਰਾਇਮ ਅਗੇਸਨਟ ਵੋਮਿੰਨ ਐਂਡ ਚਾਈਡ) ਨੂੰ ਵੀ 14 ਅਗਸਤ ਨੂੰ ਤਲਬ ਕੀਤਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All