
ਤਪ ਅਸਥਾਨ ਬਾਬਾ ਕਾਲੂ ਨਾਥ।
ਭਗਵਾਨ ਦਾਸ ਗਰਗ
ਨਥਾਣਾ, 18 ਮਾਰਚ
ਨਥਾਣਾ ਨਗਰ ਦੇ ਬਾਨੀ ਬਾਬਾ ਕਾਲੂ ਨਾਥ ਦੀ ਯਾਦ ’ਚ ਹਰ ਸਾਲ ਚੇਤਰ ਵਦੀ ਚੌਦਸ ਨੂੰ ਲੱਗਣ ਵਾਲਾ ਜੋੜ ਮੇੇਲਾ ਅੱਜ ਸ਼ਨਿਚਰਵਾਰ ਨੂੰ ਰਸਮੀ ਤੌਰ ’ਤੇ ਆਰੰਭ ਹੋ ਗਿਆ ਹੈ। ਇਲਾਕੇ ਦੀ ਸ਼ਾਨ ਇਹ ਮੇਲਾ 19 ਮਾਰਚ ਤੋਂ 23 ਮਾਰਚ ਤੱਕ ਚੱਲੇਗਾ ਹੈ। ਧਾਰਮਿਕ ਤੌਰ ’ਤੇ ਸੁੱਖਣਾ ਪੂਰੀ ਹੋਣ ਵਾਲੇ ਲੋਕੀਂ ਗੰਗਾ ਦਾ ਇਸ਼ਨਾਨ ਕਰਕੇ ਮੰਦਰ ਵਿੱਚ ਗੁੜ ਦੀਆਂ ਪੇਲੀਆਂ ਚੜ੍ਹਾਉਦੇ ਹਨ ਅਤੇ ਬੁਲਿੰਦ ਤੇ ਮਿੱਟੀ ਕੱਢ ਕੇ ਜਾਂਦੇ ਹਨ। ਮੇਲੇ ਵਿੱਚ ਪਕੌੜਿਆਂ ਅਤੇ ਜਲੇਬੀਆਂ ਤੋ ਲੈ ਕੇ ਮੁਨਿਆਰੀ ਦੇ ਸਾਰੇ ਸਾਮਾਨ ਅਤੇ ਬੱਚਿਆਂ ਦੇ ਖਿਡੌਣਿਆਂ ਦੀਆਂ ਵੱਡੀ ਗਿਣਤੀ ਦੁਕਾਨਾਂ ਲੱਗਦੀਆਂ ਹਨ। ਵਿਰਸਾ ਸੰਭਾਲ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਢਾਡੀ ਜਥੇ, ਨਕਲੀਏ, ਮਲਵਈ ਗਿੱਧਾ ਤੇ ਹੋਰ ਕਈ ਆਈਟਮਾਂ ਵੇਖਣਯੋਗ ਹੁੰਦੀਆਂ ਹਨ। ਮੇਲੇ ਦੇ ਅੰਤਮ ਪੜਾਅ ਮੌਕੇ ਜਿੱਥੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਹਨ ਉਥੇ ਖਿਡਾਰੀਆਂ ਦੇ ਦੋਸਤਾਨਾਂ ਕਬੱਡੀ ਮੁਕਾਬਲੇ ਕਰਵਾ ਕੇ ਹੌਸਲਾ ਅਫ਼ਜਾਈ ਕੀਤੀ ਜਾਂਦੀ ਹੈ। ਅੰਤਿਮ ਦਿਨ 23 ਮਾਰਚ ਨੂੰ ਸਿਰਫ ਔਰਤਾਂ ਹੀ ਮੇਲੇ ਵਿੱਚ ਖਰੀਦੋ ਫਰੋਖਤ ਕਰਦੀਆਂ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ