Sanitation Workers Strike: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਟਕਰਾਅ
ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਕੂੜਾ ਖਿਲਾਰਿਆ; ਵਾਹਨ ਨਗਰ ਕੌਂਸਲ ਦਫ਼ਤਰ ਖਡ਼੍ਹੇ ਕੀਤੇ
ਇੱਥੇ ਸਫ਼ਾਈ ਮੁਲਾਜ਼ਮਾਂ ਦੀ ਪਿਛਲੇ 20 ਦਿਨਾਂ ਤੋਂ ਚੱਲ ਰਹੀ ਹੜਤਾਲ ਦੌਰਾਨ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਪ੍ਰਸ਼ਾਸਨ ਨੇ ਠੇਕਾ ਏਜੰਸੀ ਰਾਹੀਂ ਸ਼ਹਿਰ ਵਿੱਚ ਘਰ-ਘਰੋਂ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਕਾਰਨ ਹੜਤਾਲੀ ਪੇਅ-ਰੋਲ ਮੁਲਾਜ਼ਮਾਂ ਅਤੇ ਠੇਕੇਦਾਰ ਦੇ ਸਟਾਫ਼ ਦਰਮਿਆਨ ਤਲਖ਼ਕਲਾਮੀ ਹੋ ਗਈ। ਸੂਚਨਾ ਮਿਲਦਿਆਂ ਹੀ ਹੜਤਾਲੀ ਮੁਲਾਜ਼ਮ ਰਾਮਬਾਗ ਰੋਡ ਸਥਿਤ ਡੰਪਿੰਗ ਸਟੇਸ਼ਨ ਦੇ ਰਸਤੇ ਵਿੱਚ ਪਹੁੰਚ ਗਏ ਅਤੇ ਕੂੜੇ ਨਾਲ ਭਰੀਆਂ ਗੱਡੀਆਂ ਰੋਕ ਲਈਆਂ। ਵਿਰੋਧ ਪ੍ਰਦਰਸ਼ਨ ਦੌਰਾਨ ਪੁਲੀਸ ਦੀ ਮੌਜੂਦਗੀ ਵਿੱਚ ਹੜਤਾਲੀ ਕਰਮਚਾਰੀਆਂ ਨੇ ਇੱਕ ਵਾਹਨ ਵਿੱਚੋਂ ਕੂੜਾ ਕੱਢ ਕੇ ਸੜਕ ’ਤੇ ਖਿਲਾਰ ਦਿੱਤਾ। ਸਫ਼ਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਅਤੇ ਠੇਕੇਦਾਰ ਦੇ ਮੈਨੇਜਰ ਵਿਜੈ ਕੁਮਾਰ ਵਿਚਕਾਰ ਵੀ ਤਲਖ਼ਕਲਾਮੀ ਹੋ ਗਈ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਹੜਤਾਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੰਗਾਮੇ ਤੋਂ ਬਾਅਦ ਮੁਲਾਜ਼ਮਾਂ ਨੇ ਕੂੜੇ ਨਾਲ ਭਰੀਆਂ ਕਈ ਗੱਡੀਆਂ ਜ਼ਬਰਦਸਤੀ ਨਗਰ ਕੌਂਸਲ ਦਫ਼ਤਰ ਕੰਪਲੈਕਸ ਵਿੱਚ ਲਿਆ ਕੇ ਖੜ੍ਹੀਆਂ ਕਰ ਦਿੱਤੀਆਂ। ਦੂਜੇ ਪਾਸੇ, ਠੇਕਾ ਏਜੰਸੀ ਦੇ ਮੈਨੇਜਰ ਵਿਜੈ ਕੁਮਾਰ ਨੇ ਦੋਸ਼ ਲਾਇਆ ਕਿ ਕੂੜਾ ਚੁੱਕਣ ਲਈ ਗੱਡੀਆਂ ਭੇਜੀਆਂ ਗਈਆਂ ਸਨ। ਹੜਤਾਲੀ ਕਰਮਚਾਰੀਆਂ ਨੇ ਵਿਰੋਧ ਕਰਦਿਆਂ ਇੱਕ ਗੱਡੀ ’ਚੋਂ ਕੂੜਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਰਮਚਾਰੀਆਂ ਨੇ ਜੇ ਸੀ ਬੀ ਦੇ ਟਾਇਰ ਦੀ ਹਵਾ ਵੀ ਕੱਢ ਦਿੱਤੀ।
ਕੂੜਾ ਸੁੱਟਣ ’ਤੇ ਪਾਬੰਦੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼ਹਿਰ ਵਿੱਚ ਵੱਧ ਰਹੀ ਗੰਦਗੀ ਅਤੇ ਵੱਖ-ਵੱਖ ਥਾਵਾਂ ’ਤੇ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਲੋਕਾਂ ਦੀ ਸਮੱਸਿਆ ਦੇ ਮੱਦੇਨਜ਼ਰ ਨਗਰ ਕੌਂਸਲ ਨੇ ਸਖ਼ਤ ਕਦਮ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਪਾਰਕ, ਸਰਕਾਰੀ ਸਕੂਲ, ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਨੇੜੇ ਅਤੇ ਰੇਲਵੇ ਪੁਲ ਹੇਠ ਲੱਗਣ ਵਾਲੇ ਕੂੜੇ ਦੇ ਢੇਰਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਹੁਣ ਸੀ ਸੀ ਟੀ ਵੀ ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ ਓ) ਵਰੁਣ ਸਹੋਤਾ ਨੇ ਦੱਸਿਆ ਕਿ ਉਕਤ ਥਾਵਾਂ ’ਤੇ ਕੂੜਾ ਸੁੱਟਣਾ ਪੱਕੇ ਤੌਰ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਵਾਈ-ਫਾਈ ਸਿਸਟਮ ਅਤੇ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੇ ਨਿੱਜੀ ਵਿਅਕਤੀਆਂ ਜਾਂ ਸਫ਼ਾਈ ਸੇਵਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜੁਰਮਾਨੇ ਕੀਤੇ ਜਾ ਸਕਣ।

