ਸਰਕਾਰ ਦੇ ਹੁਕਮਾਂ ’ਤੇ ਕੂੜਾ ਚੁਕਾਉਣ ਖਿਲਾਫ਼ ਹੜਤਾਲੀ ਸਫ਼ਾਈ ਕਰਮਚਾਰੀਆਂ ਨੇ ਪੁਰਾਣੀ ਸਬਜ਼ੀ ਮੰਡੀ ’ਚ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ। ਪੁਲੀਸ ਨੇ ਕਈ ਕਰਮਚਾਰੀਆਂ ਨੂੰ ਜਬਰੀ ਬੱਸਾਂ ’ਚ ਬਿਠਾ ਕੇ ਸਦਰ ਥਾਣੇ ਭੇਜ ਦਿੱਤਾ। ਧੱਕਾ-ਮੁੱਕੀ ’ਚ ਸਾਬਕਾ ਨਗਰ ਪਾਲਿਕਾ ਚੇਅਰਮੈਨ ਆਸ਼ਾ ਵਾਲਮੀਕੀ ਸਣੇ ਤਿੰਨ ਜ਼ਖ਼ਮੀ ਹੋ ਗਏ। ਕਰਮਚਾਰੀਆਂ ਦੀ ਹਿਰਾਸਤ ਮਗਰੋਂ ਪਰਿਵਾਰਕ ਔਰਤਾਂ ਨੇ ਸੰਘਰਸ਼ ਸੰਭਾਲਦਿਆਂ ਨਗਰ ਕੌਂਸਲ ਦਫ਼ਤਰ ਬਾਹਰ ਤੇ ਮੁੱਖ ਸੜਕ ’ਤੇ ਪੁਲੀਸ ਵਾਹਨਾਂ ਨੂੰ ਘੇਰ ਕੇ ਰਾਹ ਰੋਕਿਆ। ਕੁਝ ਔਰਤਾਂ ਸੜਕ ’ਤੇ ਲੇਟ ਗਈਆਂ। ਵਾਲਮੀਕੀ ਸਮਾਜ, ਪੱਗੜੀ ਸੰਭਾਲ ਜੱਟਾ ਕਿਸਾਨ ਸੰਗਠਨ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਕਰਮਚਾਰੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ।
ਪ੍ਰਸ਼ਾਸਨ ਨੇ ਜੇ ਸੀ ਬੀ ਅਤੇ ਟਰੈਕਟਰ-ਟਰਾਲੀਆਂ ਨਾਲ ਸਬਜ਼ੀ ਮੰਡੀ ਤੇ ਮੁੱਖ ਰਾਹਾਂ ਤੋਂ ਕੂੜਾ ਚੁਕਵਾ ਦਿੱਤਾ। ਡਿਊਟੀ ਮੈਜਿਸਟ੍ਰੇਟ ਵਿਸ਼ਾਲ ਜਿਆਣੀ ਨੇ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲੀਸ ਦੇ ਬੁਲਾਰੇ ਆਨੰਦ ਕੁਮਾਰ ਨੇ ਕਰਮਚਾਰੀਆਂ ਨੂੰ ਗੱਲਬਾਤ ਲਈ ਥਾਣੇ ਲਿਜਾਇਆ ਗਿਆ ਸੀ। ਬਾਅਦ ’ਚ ਸਾਰੇ ਕਰਮਚਾਰੀਆਂ ਤੇ ਔਰਤਾਂ ਨੂੰ ਘਰ ਭੇਜ ਦਿੱਤਾ ਗਿਆ।

