Sanitation Workers’ Strike: ਪੁਲੀਸ ਪਹਿਰੇ ਹੇਠ ਸ਼ਹਿਰਾਂ ਦਾ ਕੂੜਾ ਚੁਕਵਾਇਆ
ਸਫ਼ਾਈ ਕਾਮਿਆਂ ਵੱਲੋਂ ਥਾਣੇ ਅੱਗੇ ਨਾਅਰੇਬਾਜ਼ੀ
ਆਪਣੀਆਂ ਹੱਕੀ ਮੰਗਾਂ ਲਈ ਪਿਛਲੇ 20 ਦਿਨਾਂ ਤੋਂ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਅਤੇ ਪ੍ਰਸ਼ਾਸਨ ਵਿਚਾਲੇ ਤਣਾਅ ਵਧ ਗਿਆ ਹੈ। ਸ਼ਹਿਰ ਵਿੱਚ ਲੱਗੇ ਕੂੜੇ ਦੇ ਵੱਡੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖ਼ਤ ਕਦਮ ਉਠਾਉਂਦਿਆਂ ਭਾਰੀ ਪੁਲੀਸ ਬਲ ਦੀ ਤਾਇਨਾਤੀ ਹੇਠ ਕੂੜਾ ਚੁੱਕਵਾਉਣ ਦੀ ਮੁਹਿੰਮ ਚਲਾਈ। ਕਾਲਾਂਵਾਲੀ ਵਿੱਚ ਪ੍ਰਸ਼ਾਸਨ ਨੇ ਤੜਕੇ ਲਗਪਗ ਤਿੰਨ ਵਜੇ ਡਿਊਟੀ ਮੈਜਿਸਟਰੇਟ ਡਾ. ਮਨੀਸ਼ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਡੰਪਿੰਗ ਪੁਆਇੰਟਾਂ ਤੋਂ ਕੂੜਾ ਇਕੱਠਾ ਕੀਤਾ। ਇਸ ਕਾਰਵਾਈ ਦਾ ਵਿਰੋਧ ਕਰਨ ਪਹੁੰਚੇ ਕੁਝ ਮੁਲਾਜ਼ਮਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਵੀ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ। ਉੱਧਰ, ਸਿਰਸਾ ਵਿੱਚ ਵੀ ਪੁਲੀਸ ਪਹਿਰੇ ਹੇਠ ਕੂੜਾ ਚੁੱਕੇ ਜਾਣ ਤੋਂ ਭੜਕੇ ਸਫ਼ਾਈ ਕਾਮਿਆਂ ਨੇ ਸਿਟੀ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਥਾਵਾਂ ’ਤੇ ਕੂੜਾ ਚੁੱਕਣ ਵਾਲੇ ਵਾਹਨਾਂ ਦੀ ਹਵਾ ਕੱਢੇ ਜਾਣ ਦੀ ਵੀ ਸੂਚਨਾ ਹੈ। ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਨੇ ਇਸ ਹੜਤਾਲ ਨੂੰ ਭਰਪੂਰ ਹਮਾਇਤ ਦਿੱਤੀ ਹੈ। ਹੜਤਾਲੀ ਕਰਮਚਾਰੀਆਂ ਨੇ ਆਪਣੀਆਂ ਮੁੱਖ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਠੇਕਾ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੜ੍ਹੇ-ਲਿਖੇ ਸਫ਼ਾਈ ਕਰਮਚਾਰੀਆਂ ਨੂੰ ਤੀਜੇ ਦਰਜੇ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇ, ਘਰ-ਘਰ ਕੰਮ ਕਰਨ ਵਾਲਿਆਂ ਨੂੰ 15,200 ਰੁਪਏ ਮਹੀਨਾਵਾਰ ਉਜਰਤ ਦਿੱਤੀ ਜਾਵੇ, ਈ ਪੀ ਐੱਫ-ਈ ਐੱਸ ਆਈ ਲਾਭ ਲਾਗੂ ਕੀਤੇ ਜਾਣ ਅਤੇ ਡਿਊਟੀ ਦੌਰਾਨ ਮੌਤ ਹੋਣ ’ਤੇ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀ ਮੁੱਖ ਪਹਿਲ ਹੈ।

