CITU Organisations Hold Protest: ਬੈਰੀਕੇਡ ਤੋੜ ਕੇ ਮਿਨੀ ਸਕੱਤਰੇਤ ਪੁੱਜੇ ਧਰਨਾਕਾਰੀ
ਸੀਟੂ ਨਾਲ ਜੁਡ਼ੇ ਸੰਗਠਨਾਂ ਵੱਲੋਂ ਮੁਜ਼ਾਹਰਾ
ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ’ਤੇ ਉਲੀਕੇ ਜੇਲ੍ਹ ਭਰੋ ਅੰਦੋਲਨ ਤਹਿਤ ਬਠਿੰਡਾ ਵਿੱਚ ਸੀਟੂ ਨਾਲ ਸਬੰਧਤ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ। ਚਿਲਡਰਨ ਪਾਰਕ ਵਿੱਚ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ‘ਕਾਰਪੋਰੇਟ ਭਜਾਓ, ਮੋਦੀ ਹਰਾਓ ਤੇ ਦੇਸ਼ ਬਚਾਓ’ ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸਮਝੌਤਿਆਂ ਕਾਰਨ ਪਹਿਲਾਂ ਹੀ ਸੰਕਟ ਵਿੱਚ ਘਿਰੀ ਕਿਸਾਨੀ ਹੋਰ ਬਰਬਾਦ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਾਗੂ ਕੀਤੇ ਚਾਰ ਕਿਰਤ ਕੋਡਾਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਵਧਾਇਆ ਹੈ। ਪੰਜਾਬ ਸਰਕਾਰ ਵੱਲੋਂ ਠੇਕਾ ਪ੍ਰਥਾ ਖ਼ਤਮ ਕਰਨ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ। ਰੋਸ ਮਾਰਚ ਦੌਰਾਨ ਧਰਨਾਕਾਰੀਆਂ ਦੀ ਪੁਲੀਸ ਨਾਲ ਧੱਕਾ-ਮੁੱਕੀ ਹੋਈ ਅਤੇ ਉਹ ਬੈਰੀਕੇਡ ਹਟਾ ਕੇ ਮਿਨੀ ਸਕੱਤਰੇਤ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਗ੍ਰਿਫ਼ਤਾਰੀਆਂ ਦੇਣ ਲਈ ਖ਼ੁਦ ਨੂੰ ਪੇਸ਼ ਕੀਤਾ ਅਤੇ ਡੀ ਸੀ ਦਫ਼ਤਰ ’ਚ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰਕਾਸ਼ ਕੌਰ ਸੋਹੀ, ਪ੍ਰਤਿਭਾ ਸ਼ਰਮਾ, ਕੁਲਵਿੰਦਰ ਕੌਰ ਆਦਮਪੁਰਾ, ਹਰਜਿੰਦਰ ਕੌਰ ਲਹਿਰਾ ਮੁਹੱਬਤ, ਸੁਖਮਿੰਦਰ ਬਾਠ, ਗਗਨਦੀਪ ਸਿੰਘ ਭੁੱਲਰ, ਅੰਮ੍ਰਿਤਾ ਗਿੱਲ, ਜੈ ਸਿੰਘ, ਵਿਨੋਦ ਸਿੰਘ, ਅਮਨਦੀਪ ਸਿੰਘ ਅਤੇ ਡੀ. ਗਨੇਸ਼ ਨੇ ਸੰਬੋਧਨ ਕੀਤਾ। ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕਰਦਿਆਂ ਸਾਥੀਆਂ ਦਾ ਧੰਨਵਾਦ ਕੀਤਾ।

