ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 23 ਮਈ
ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਐੱਸਐੱਸਪੀ ਦਫਤਰ ਅੱਗੇ ਚੱਲ ਰਿਹਾ ਧਰਨਾ ਅੱਜ ਆਪ ਵਿਧਾਇਕ ਅਮੋਲਕ ਸਿੰਘ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਨਾਲ਼ ਸਮਾਪਤ ਹੋ ਗਿਆ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਚੰਦਭਾਨ ਕਾਂਡ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ 'ਆਪ' ਵਿਧਾਇਕ ਅਮੋਲਕ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ 'ਆਪ' ਵਿਧਾਇਕਾਂ ਨੂੰ ਪਿੰਡਾਂ 'ਚ ਆਉਣ ਸਮੇਂ ਤਿੱਖੇ ਸਵਾਲ ਕੀਤੇ ਜਾਣਗੇ। ਬੁਲਾਰਿਆਂ ਨੇ ਆਖਿਆ ਕਿ ਕਿਰਤੀ ਲੋਕਾਂ ਨੂੰ ਆਪਣੇ ਹੱਕ ਹਾਸਲ ਕਰਨ ਲਈ ਪੈਰ-ਪੈਰ 'ਤੇ ਜੂਝਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਚੰਦਭਾਨ ’ਚ ਮਜ਼ਦੂਰਾਂ ਤੇ ਜ਼ੁਲਮ ਢਾਹੁਣ ਵਾਲੇ ਮੁਲਜ਼ਮਾਂ ਦੀ ਵਿਧਾਇਕ ਤੇ ਐੱਸਐੱਸਪੀ ਸਮੇਤ ਜ਼ਿਲ੍ਹਾ ਵੱਲੋਂ ਪੁਸ਼ਤਪਨਾਹੀ ਕਰਨਾ ਇਸ ਰਾਜ ਪ੍ਰਬੰਧ ਦੇ ਗੈਰ ਜਮਹੂਰੀ ਹੋਣ ਦਾ ਮੂੰਹ ਬੋਲਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਪੀੜਤ ਮਜ਼ਦੂਰਾਂ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਵਾਉਣ, ਮਜ਼ਦੂਰਾਂ ਤੇ ਦਰਜ਼ ਝੂਠੇ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਅਦਾਲਤ ’ਚ ਪੇਸ਼ ਕਰਵਾਉਣ ਅਤੇ ਝਗੜੇ ਦੀ ਜੜ ਬਣੇ ਗੰਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਧਰਨੇ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਪਾਲ ਸਿੰਘ ਨੰਗਲ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਲਛਮਣ ਸਿੰਘ ਸੇਵੇਵਾਲਾ, ਗੋਰਾ ਸਿੰਘ ਪਿਪਲੀ, ਸਤਨਾਮ ਸਿੰਘ ਪੱਖੀ, ਤੋਂ ਇਲਾਵਾ , ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਸੁਖਦੀਪ ਸਿੰਘ ਪੀਐਸ ਯੂ ਦੇ ਆਗੂ ਸੁਖਵੀਰ ਸਿੰਘ, ਬੀਕੇਯੂ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ, ਜਮਹੂਰੀ ਹੱਕਾਂ ਦੇ ਕਾਰਕੁਨ ਰਾਮ ਸਵਰਨ ਸਿੰਘ ਲੱਖੇਵਾਲੀ, ਪਲਸ ਮੰਚ ਦੇ ਜਗਸੀਰ ਜੀਦਾ ਤੇ ਕੋਟਕਪੂਰਾ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਸੰਦੀਪ ਕੁਮਾਰ ਨੇ ਸੰਬੋਧਨ ਕੀਤਾ।