ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਜੇਤੂ ਰੈਲੀ
ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਜੇਤੂ ਰੈਲੀ ਅਤੇ ਡੀ ਐੱਸ ਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ...
ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਜੇਤੂ ਰੈਲੀ ਅਤੇ ਡੀ ਐੱਸ ਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਅਤੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਚੰਦਭਾਨ ਦੀ ਘਟਨਾ ਦੇ ਮੁਲਜ਼ਮ ਦੋ ਸਕੇ ਭਰਾਵਾਂ ਗਮਦੂਰ ਸਿੰਘ ਪੱਪੂ ਅਤੇ ਹਰਵਿੰਦਰ ਸਿੰਘ ਜੈਜੀ ਦਾ ਕਾਨੂੰਨ ਸਾਹਮਣੇ ਆਤਮ ਸਮਰਪਣ, ਐਕਸ਼ਨ ਕਮੇਟੀ ਦੀ ਵੱਡੀ ਜਿੱਤ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਮੁਲਜ਼ਮਾਂ ਦੀ ਹਲਕਾ ਵਿਧਾਇਕ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਹਮਾਇਤ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਜੇਲ੍ਹ ਜਾਣਾ ਇੱਕ ਵੱਡੀ ਗੱਲ ਹੈ। ਉਨ੍ਹਾਂ ਕਾਨੂੰਨ ਦੀ ਪਕੜ ਤੋਂ ਦੂਰ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਮੰਗੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਵੱਲੋਂ ਪਿੰਡ ਚੰਦਭਾਨ ਦੇ ਕਈ ਵਿਅਕਤੀਆਂ ’ਤੇ ਜਬਰ ਕਰ ਕੇ ਕਥਿਤ ਝੂਠੇ ਕੇਸ ਦਰਜ ਰਾਹੀਂ ਅੰਦਰ ਕਰਵਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਹਾਈ ਕੋਰਟ ਤੋਂ ਅਗਾਊਂ ਜ਼ਮਾਨਤਾਂ ਲੈਣ ਵਾਲੇ ਮੁਲਜ਼ਮਾਂ ਨੂੰ ਐਕਸ਼ਨ ਕਮੇਟੀ ਵੱਲੋਂ ਲੜੇ ਗਏ ਜਥੇਬੰਦਕ ਅਤੇ ਕਾਨੂੰਨੀ ਸੰਘਰਸ਼ ਸਦਕਾ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਜਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਚੰਦਭਾਨ ਮਾਮਲੇ ਦੇ ਬਕਾਇਆ ਦੋਸ਼ੀਆਂ ਦੀ ਐੱਫ ਆਈ ਆਰ ’ਚ ਨਾਮਜ਼ਦਗੀ ਅਤੇ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਕਾਨੂੰਨੀ ਤੇ ਜਨਤਕ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਆਤਮ ਸਮਰਪਣ ਕਰ ਚੁੱਕੇ ਹਰਵਿੰਦਰ ਸਿੰਘ ਜੈਜੀ ਕੋਲ ਖੁਰਾਕ ਸਪਲਾਈ ਵਿਭਾਗ ਨਾਲ ਸਬੰਧਤ ਕਥਿਤ ਅਨਾਜ ਦੀ ਲੋਡਿੰਗ/ਅਣ-ਲੋਡਿੰਗ ਦੇ ਤਿੰਨ ਟੈਂਡਰ ਹਨ। ਉਨ੍ਹਾਂ ਕਿਹਾ ਕਿ ਇਹ ਕਥਿਤ ਟੈਂਡਰ, ਟੈਂਡਰ ਨੀਤੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਨੇ ਇਹ ਟੈਂਡਰ ਛੇਤੀ ਰੱਦ ਨਾ ਕੀਤੇ ਤਾਂ ਅਧਿਕਾਰੀ ਵਿਰੁੱਧ ਵੀ ਅੰਦੋਲਨ ਛੇੜਿਆ ਜਾਵੇਗਾ। ਇਸ ਮੌਕੇ ਚੰਦਭਾਨ ਦੀ ਸਰਪੰਚ ਅਮਨਦੀਪ ਕੌਰ, ਕੁਲਦੀਪ ਸਿੰਘ, ਮਹਾਸ਼ਾ ਸਮਾਘ, ਹਰਜਿੰਦਰ ਖੋਖਰ, ਦੁਨੀ ਸਿੰਘ, ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

