National Commission For SC ਦੇ ਚੇਅਰਮੈਨ ਜ਼ਖ਼ਮੀ ਸਫ਼ਾਈ ਕਾਮਿਆਂ ਨੂੰ ਮਿਲੇ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇੱਥੇ ਪੁੱਜ ਕੇ ਲਾਠੀਚਾਰਜ ਪੀੜਤ ਸਫ਼ਾਈ ਕਾਮਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੱਤੀ ਰੋਡ ’ਤੇ ਵਿਕਰਮਜੀਤ ਵਿੱਕੀ ਦੇ ਘਰ ਪੁੱਜ ਕੇ ਪਿਛਲੇ ਦਿਨੀਂ ਪੁਲੀਸ ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਕਾਮਿਆਂ ਅਤੇ ਮਹਿਲਾਵਾਂ...
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇੱਥੇ ਪੁੱਜ ਕੇ ਲਾਠੀਚਾਰਜ ਪੀੜਤ ਸਫ਼ਾਈ ਕਾਮਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੱਤੀ ਰੋਡ ’ਤੇ ਵਿਕਰਮਜੀਤ ਵਿੱਕੀ ਦੇ ਘਰ ਪੁੱਜ ਕੇ ਪਿਛਲੇ ਦਿਨੀਂ ਪੁਲੀਸ ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਕਾਮਿਆਂ ਅਤੇ ਮਹਿਲਾਵਾਂ ਦਾ ਹਾਲ ਜਾਣਿਆ।
ਚੇਅਰਮੈਨ ਮਕਵਾਨਾ ਨੇ ਘਟਨਾ ਨੂੰ ਨਿੰਦਣਯੋਗ ਦੱਸਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਵਧੀਕੀ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਮੁਕੰਮਲ ਭਰੋਸਾ ਦਿੱਤਾ। ਇਸ ਮੌਕੇ ਵਿਕਰਮਜੀਤ ਵਿੱਕੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰ ਨਾਲ ਗੱਲਬਾਤ ਮਗਰੋਂ ਸਫ਼ਾਈ ਕਾਮਿਆਂ ਨੇ ਧਰਨਾ ਖ਼ਤਮ ਕਰ ਦਿੱਤਾ ਹੈ।
ਇਸ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੇਅਰਮੈਨ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਪੈਸ਼ਲ ਡੀ ਆਈ ਜੀ ਨਰੇਸ਼ ਅਰੋੜਾ, ਪਟਿਆਲਾ ਰੇਂਜ ਦੇ ਡੀ ਆਈ ਜੀ ਕੁਲਦੀਪ ਚਹਿਲ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਸ਼ਾਮਲ ਹੋਏ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਸਮਾਂਬੱਧ ਪੜਤਾਲ ਲਈ ਐੱਸ ਆਈ ਟੀ ਬਣਾ ਦਿੱਤੀ ਗਈ ਹੈ। ਸਬੰਧਤ ਡੀ ਐੱਸ ਪੀ ਨੂੰ ਮੁਅੱਤਲ ਅਤੇ ਐੱਸ ਐੱਚ ਓ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਮੈਡੀਕਲ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਚੇਅਰਮੈਨ ਨੇ ਅਧਿਕਾਰੀਆਂ ਤੋਂ ਵਿਸਥਾਰਤ ਕਾਰਵਾਈ ਰਿਪੋਰਟ ਤਲਬ ਕੀਤੀ ਹੈ।

