ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਕੇਂਦਰ ਸਰਕਾਰ: ਗੋਇਲ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਪੱਖੋਂ ਵਿਤਕਰਾ ਕਰ ਰਹੀ ਹੈ। ਕੈਬਨਿਟ ਗੋਇਲ ਅੱਜ ਬਰੇਟਾ ਵਿੱਚ ਆਪਣੇ ਦੋਸਤ ਅਤੇ ਉੱਘੇ ਸਮਾਜ ਸੇਵੀ ਅਕਾਲੀ ਆਗੂ ਸਿਕੰਦਰ ਸਿੰਘ ਜ਼ੈਲਦਾਰ ਦੀ ਮਾਤਾ ਦੀ ਮੌਤ ’ਤੇ...
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਪੱਖੋਂ ਵਿਤਕਰਾ ਕਰ ਰਹੀ ਹੈ। ਕੈਬਨਿਟ ਗੋਇਲ ਅੱਜ ਬਰੇਟਾ ਵਿੱਚ ਆਪਣੇ ਦੋਸਤ ਅਤੇ ਉੱਘੇ ਸਮਾਜ ਸੇਵੀ ਅਕਾਲੀ ਆਗੂ ਸਿਕੰਦਰ ਸਿੰਘ ਜ਼ੈਲਦਾਰ ਦੀ ਮਾਤਾ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਥਿਤੀ ਇਹ ਹੈ ਕਿ ਪੰਜਾਬ ਅੰਦਰ ਸ਼ੈੱਲਰਾਂ ਵਿੱਚ ਝੋਨਾ ਖਰਾਬ ਹੋ ਰਿਹਾ ਹੈ ਅਤੇ ਗੁਦਾਮਾਂ ਵਿੱਚ ਚੌਲ ਲਗਾਉਣ ਦੀ ਜਗ੍ਹਾ ਨਹੀਂ ਹੈ, ਜਦੋਂ ਕਿ ਹਰਿਆਣਾ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ 31 ਮਾਰਚ ਤੱਕ ਝੋਨਾ ਗੁਦਾਮਾਂ ਵਿੱਚ ਲਗਾ ਦਿੱਤਾ ਜਾਂਦਾ ਸੀ, ਪਰ ਗੁਦਾਮਾਂ ਵਿੱਚ ਜਗ੍ਹਾ ਨਾ ਹੋਣ ਕਾਰਨ ਇਹ ਝੋਨਾ ਨਹੀਂ ਲੱਗਦਾ, ਜਿਸ ਨਾਲ ਫ਼ਸਲ ਦੀ ਕਟੌਤੀ ’ਤੇ ਹੋਰ ਨੁਕਸਾਨ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਅਤੇ ਇਸ ਦੇ ਸਾਰੇ ਵਿਭਾਗ ਕੇਂਦਰ ਦੇ ਅਧੀਨ ਆਉਂਦੇ ਹਨ। ਬਰਿੰਦਰ ਗੋਇਲ ਨੇ ਕਿਹਾ ਕਿ ਜਦੋਂ ਇਹ ਸਮੱਸਿਆ ਆ ਰਹੀ ਹੈ ਤਾਂ ਇਸ ਦਾ ਅਸਰ ਕਿਸਾਨ, ਮਜ਼ਦੂਰ, ਆੜ੍ਹਤੀਆ, ਵਪਾਰੀ ਅਤੇ ਆਮ ਵਰਗ ’ਤੇ ਪੈਂਦਾ ਹੈ, ਪਰ ਇਸ ਲਈ ਕੇਂਦਰ ਸਰਕਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਅ ਰਹੀ ਹੈ, ਜਦੋਂ ਕਿ ਪੰਜਾਬ ਦੇ ਹੱਥ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀਆਂ ਸਮੱਸਿਆਵਾਂ ਵੀ ਕੇਂਦਰ ਨਾਲ ਜੁੜੀਆਂ ਹੋਈਆਂ ਹਨ ਅਤੇ ਪੰਜਾਬ ਸਰਕਾਰ ਨੂੰ ਬਿਨਾਂ ਵਜ੍ਹਾ ਅਸਲੀ ਜ਼ਿੰਮੇਵਾਰ ਦੱਸ ਕੇ ਕੇਂਦਰ ਆਪਣਾ ਪੱਲਾ ਝਾੜ ਰਹੀ ਹੈ। ਇਸ ਮੌਕੇ ਨਰਿੰਦਰ ਗੋਇਲ, ਲਛਮਣ ਦਾਸ, ਲਲਿਤ ਜੈਨ, ਕੇਵਲ ਸ਼ਰਮਾ, ਗੁਰਦੀਪ ਸਿੰਘ ਟੋਡਰਪੁਰ ਆਦਿ ਮੌਜੂਦ ਸਨ।

