ਪੰਜਾਬ ਵਿੱਚ ਨਵੀਂ ਫ਼ਸਲ ਕਸਾਵਾ ਦੀ ਖੇਤੀ ਕਿਸਾਨਾਂ ਦੀ ਕਿਸਮਤ ਹੀ ਨਹੀਂ ਬਦਲੇਗੀ ਸਗੋਂ ਝੋਨੇ ਦੀ ਫ਼ਸਲ ਦਾ ਬਦਲ ਵੀ ਹੋਵੇਗੀ। ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ‘ਨਵੀਂ ਸੋਚ, ਨਵਾਂ ਪੰਜਾਬ’ ਮੁਹਿੰਮ ਤਹਿਤ ਕਸਾਵਾ ਦੀ ਖੇਤੀ ਨੂੰ ਪੰਜਾਬ ਵਿੱਚ ਉਤਸ਼ਾਹਿਤ ਕਰਨ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ। ਇੱਥੇ ਉਨ੍ਹਾਂ ਇੱਕ ਸਮਾਜਿਕ ਸਮਾਗਮ ਦੌਰਾਨ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਮੁਹਿੰਮ ਅਧੀਨ ਕਸਾਵਾ ਦੀ ਕਾਸ਼ਤ ਲਈ ਲੋੜੀਂਦੇ ਬੀਜ ਅਤੇ ਸਾਰੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਲਗਭਗ 10 ਕਿਸਾਨਾਂ ਨੂੰ ਦੋ-ਦੋ ਏਕੜ ਵਿੱਚ ਕਸਾਵਾ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁਫ਼ਤ ਬੀਜ ਮੁਹੱਈਆ ਕਰਵਾਇਆ ਜਾਵੇਗਾ। ਰਾਣਾ ਗੁਰਜੀਤ ਨੇ ਕਿਹਾ ਕਿ ਫ਼ਸਲ ਤਿਆਰ ਹੋਣ ’ਤੇ ਉਹ ਖੁਦ ਪੂਰੀ ਫਸਲ ਖਰੀਦਣਗੇ।
ਖੇਤੀ ਵਿਗਿਆਨੀ ਡਾ ਬਰਾੜ ਨੇ ਕਿਹਾ ਕਿ ਮਾਰਕੀਟਿੰਗ ਦੀ ਚਿੰਤਾ ਅਕਸਰ ਫ਼ਸਲੀ ਵਿਭਿੰਨਤਾ ਵਿੱਚ ਰੁਕਾਵਟ ਬਣਦੀ ਹੈ। ਜਦੋਂ ਵੀ ਨਵੀਂ ਫਸਲ ਦੀ ਗੱਲ ਹੁੰਦੀ ਹੈ ਤਾਂ ਕਿਸਾਨ ਉਸਦੀ ਖਰੀਦ-ਫ਼ਰੋਖ਼ਤ ਬਾਰੇ ਪੁੱਛਦੇ ਹਨ। ਇਹ ਸੁੱਕੀ ਪ੍ਰਤੀਰੋਧੀ ਫ਼ਸਲ ਹੈ, ਜਿਸਦਾ ਇਸਤੇਮਾਲ ਪਸ਼ੂ ਚਾਰੇ, ਬਾਇਓਫਿਊਲ ਅਤੇ ਸ਼ਰਾਬ ਬਣਾਉਣ ਵਿੱਚ ਹੁੰਦਾ ਹੈ। ਇਸ ਤੋਂ ਸਾਬੂਦਾਨਾ (ਟੈਪੀਓਕਾ ਮੋਤੀ), ਚਿਪਸ, ਗਲੂਟਨ-ਮੁਕਤ ਆਟਾ ਅਤੇ ਬਾਇਓ-ਇਥਨੋਲ ਤਿਆਰ ਕੀਤਾ ਜਾਂਦਾ ਹੈ। ਕਸਾਵਾ ਨੂੰ ਉਬਾਲ ਕੇ ਅਤੇ ਤਲ ਕੇ ਵੀ ਖਾਇਆ ਜਾਂਦਾ ਹੈ ਅਤੇ ਆਈਸਕ੍ਰੀਮ ਵਰਗੀਆਂ ਚੀਜ਼ਾਂ ਵਿੱਚ ਗਾੜਾਪਣ ਲਿਆਉਣ ਲਈ ਵਰਤਿਆ ਜਾਂਦਾ ਹੈ। ਇਸ ਫ਼ਸਲ ਦਾ ਪ੍ਰਤੀ ਏਕੜ 250 ਕੁਇੰਟਲ ਦੇ ਲਗਭਗ ਉਤਪਾਦਨ ਹੁੰਦਾ ਹੈ ਅਤੇ ਪ੍ਰਤੀ ਕਿਲੋ 15 ਰੁਪਏ ਦਾ ਰੇਟ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਸਲ ਦੀ ਬਿਜਾਈ ਫਰਵਰੀ ਤੋ ਅੱਧ ਮਾਰਚ ਤੱਕ ਹੁੰਦੀ ਹੈ ਅਤੇ 10 ਮਹੀਨੇ ਵਿੱਚ ਬਹੁਤ ਘੱਟ ਪਾਣੀ ਨਾਲ ਪਲਦੀ ਹੈ ਅਤੇ ਪੋਲੀਆਂ ਜ਼ਮੀਨਾਂ ਵਿੱਚ ਇਸਦੀ ਕਾਸ਼ਤ ਵਧੇਰੇ ਸਫ਼ਲਤਾ ਨਾਲ ਹੋ ਸਕਦੀ ਹੈ। ਇੱਕ ਏਕੜ ਵਿੱਚ ਕਰੀਬ 5 ਹਜ਼ਾਰ ਪੌਦੇ ਲਗਾਏ ਜਾ ਸਕਦੇ ਹਨ, ਜਿਨ੍ਹਾਂ ਦੇ ਦਰਮਿਆਨ ਤਿੰਨ ਫੁੱਟ ਦਾ ਫਾਸਲਾ ਰੱਖਿਆ ਜਾਂਦਾ ਹੈ। ਹਰ ਪੌਦਾ ਲਗਭਗ 5 ਕਿਲੋ ਤੱਕ ਸਟਾਰਚ-ਭਰਪੂਰ ਗੰਢ ਤਿਆਰ ਕਰਦਾ ਹੈ। ਇੰਜ, ਇੱਕ ਏਕੜ ਵਿੱਚੋਂ ਲਗਭਗ 25 ਹਜ਼ਾਰ ਕਿਲੋ ਉਤਪਾਦਨ ਹੋ ਸਕਦਾ ਹੈ ਅਤੇ ਕਿਸਾਨ ਕਰੀਬ ਚਾਰ ਲੱਖ ਰੁਪਏ ਤੱਕ ਦੀ ਆਮਦਨ ਹਾਸਲ ਕਰ ਸਕਦਾ ਹੈ। ਆਲੂ ਵਰਗੀਆਂ ਫ਼ਸਲਾਂ ਮੁਕਾਬਲੇ, ਜਿੱਥੇ ਕੀਮਤਾਂ ਵਿੱਚ ਉਤਾਰਾਅ-ਚੜਾਅ ਨਾਲ ਨੁਕਸਾਨ ਹੁੰਦਾ ਹੈ ਜਦਕਿ ਕਸਾਵਾ ਸਥਿਰ ਅਤੇ ਵੱਧ ਮੁਨਾਫ਼ਾ ਦਿੰਦੀ ਹੈ। ਕਿਸਾਨਾਂ ਲਈ ਇਹ ਫ਼ਸਲ ਪਾਣੀ ਦੀ ਬਚਤ ਦੇ ਨਾਲ-ਨਾਲ ਵੱਧ ਆਮਦਨ ਦਾ ਵਧੀਆ ਸਰੋਤ ਸਾਬਤ ਹੋ ਸਕਦੀ ਹੈ।

