ਵਕੀਲ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਭਖ਼ਿਆ
ਇਥੇ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਵਿਰੁੱਧ ਐੱਫ ਆਈ ਆਰ ਦਰਜ ਕਰਨ ਦਾ ਮਾਮਲਾ ਭਖ਼ ਗਿਆ ਹੈ। ਅੱਜ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਜਿਸ ਦੇ ਸਮਰਥਨ ਵਿੱਚ ਵੱਖ-ਵੱਖ ਥਾਵਾਂ ’ਤੇ ਮੁਜ਼ਾਹਰੇ ਕੀਤੇ ਗਏ। ਵਕੀਲਾਂ ਨੇ ਦਰਜ ਐੱਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ। ਹੜਤਾਲੀ ਵਕੀਲਾਂ ਨੇ ਆਖਿਆ ਕਿ ਇਸ ਐੱਫ ਆਈ ਆਰ ਵਿੱਚ ਇਕ ਧਾਰਾ ਕਥਿਤ ਜਾਣ-ਬੁੱਝ ਕੇ ਜੋੜੀ ਗਈ ਹੈ ਜੋ ਠੀਕ ਨਹੀਂ ਹੈ। ਬਾਰ ਐਸੋਸੀਏਸ਼ਨ ਦੇ ਆਗੂ ਧਲਵੰਤ ਸਿੰਘ ਉੱਪਲ, ਸ਼ੁਭਮਨ ਸ਼ਰਮਾ ਅਤੇ ਹੋਰਨਾਂ ਨੇ ਅੱਜ ਏ ਡੀ ਸੀ ਗੁਰਪ੍ਰੀਤ ਸਿੰਘ ਥਿੰਦ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ’ਚ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮਿਲਣ ਸਮਾਂ ਮੰਗਿਆ ਤਾਂ ਜੋ ਵਕੀਲਾਂ ਦੀਆਂ ਮੁਸ਼ਕਲਾਂ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਪੁਲੀਸ ਅਧਿਕਾਰੀਆਂ ਵਿਰੁੱਧ ਜਾਣਬੁੱਝ ਕੇ ਡਿਊਟੀ ਵਿੱਚ ਅਣਗਹਿਲੀ, ਸਬੂਤਾਂ ਨਾਲ ਛੇੜਛਾੜ ਕਰਨ ਅਤੇ ਤੱਥਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਲਈ ਵਿਭਾਗੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਲਕੇ ਉਹ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਲੋਕਾਂ ਨੂੰ ਪੁਲੀਸ ਦੀ ਕਥਿਤ ਧੱਕੇਸ਼ਾਹੀ ਤੋਂ ਜਾਣੂ ਕਰਵਾਉਣਗੇ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇਸੇ ਤਰ੍ਹਾਂ ਸੂਬਾ ਪੱਧਰੀ ਹੜਤਾਲ ਦੇ ਸੱਦੇ ’ਤੇ ਜਲਾਲਾਬਾਦ ਦੇ ਵਕੀਲਾਂ ਨੇ ਮੁਕੰਮਲ ਹੜਤਾਲ ਕੀਤੀ। ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ ਨੇ ਦੱਸਿਆ ਕਿ ਲੋਕਾਂ ਨੂੰ ਨਿਆਂ ਦਿਵਾਉਣ ਵਾਲੇ ਵਕੀਲਾਂ ਨੂੰ ਖੁਦ ਨਿਆਂ ਖਾਤਰ ਧੱਕੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁਕਤਸਰ ਵਿੱਚ ਵਕੀਲ ’ਤੇ ਕਥਿਤ ਨਾਜਾਇਜ਼ ਕੇਸ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਕੀਲਾਂ ਵਿੱਚ ਗੁੱਸਾ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਸ਼ਾਂਤਮ ਮੁਜਰਾਲ, ਮੀਤ ਪ੍ਰਧਾਨ ਅਮਨ ਹਾਂਡਾ, ਮੀਤ ਸਕੱਤਰ ਐਡਵੋਕੇਟ ਅਕਸ਼ੇ ਪੁਨੇਜਾ ਅਤੇ ਖਜ਼ਾਾਨਚੀ ਸੁਨੀਲ ਵਾਰਵਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਵਕੀਲ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਵੇਗਾ।
