ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਜੂਨ
ਪਿੰਡ ਔਢਾਂ ਵਿੱਚ ਨੈਸ਼ਨਲ ਹਾਈਵੇਅ ’ਤੇ ਮੈਰਿਜ ਪੈਲੇਸ ਦੇ ਸਾਹਮਣੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਇੱਕ ਆਲਟੋ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਔਢਾਂ ਥਾਣਾ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਤਿਓਣਾ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਚਮਕਦੀਪ ਸਿੰਘ, ਜਸਕਰਨ ਸਿੰਘ, ਸੁਖਮੀਤ ਕੌਰ, ਹਰਮੀਤ ਕੌਰ ਅਤੇ ਬੱਚੇ ਗੁਰਫਤਿਹ ਸਮੇਤ ਪੰਜ ਜਣੇ ਆਲਟੋ ਕਾਰ ਵਿੱਚ ਸਿਰਸਾ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਜਸਕਰਨ ਸਿੰਘ ਕਾਰ ਚਲਾ ਰਿਹਾ ਸੀ। ਨੈਸ਼ਨਲ ਹਾਈਵੇਅ ’ਤੇ ਔਢਾਂ ਨੇੜੇ ਮੈਰਿਜ ਪੈਲੇਸ ਕੋਲ ਕਾਰ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਇਹ ਕਾਰ ਟਕਰਾ ਗਈ। ਚਸ਼ਮਦੀਦਾਂ ਅਨੁਸਾਰ ਜਦੋਂ ਕਾਰ ਟਰੈਕਟਰ ਨੂੰ ਓਵਰਟੇਕ ਕਰ ਰਹੀ ਸੀ ਤਾਂ ਟਰੈਕਟਰ ਚਾਲਕ ਨੇ ਅਚਾਨਕ ਟਰੈਕਟਰ ਨੂੰ ਦੂਜੇ ਪਾਸੇ ਮੋੜ ਦਿੱਤਾ, ਜਿਸ ਕਾਰਨ ਕਾਰ ਚਾਲਕ ਸੰਤੁਲਨ ਗੁਆ ਬੈਠਾ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਛੱਡ ਕੇ ਮੌਕੇ ਤੋਂ ਭੱਜ ਗਿਆ। ਕਾਰ ਵਿੱਚ ਸਵਾਰ ਪੰਜ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਚਮਕਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂਕਿ ਚਾਰ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਚਮਕਦੀਪ ਸਿੰਘ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।