ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਮੋਮਬੱਤੀ ਮਾਰਚ

ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਮੋਮਬੱਤੀ ਮਾਰਚ

ਕਿਸਾਨ ਸੰਘਰਸ਼ ਦੇ ਹੱਕ ’ਚ ਬਠਿੰਡਾ ਵਿੱਚ ਕੱਢੇ ਗਏ ਮੋਮਬੱਤੀ ਮਾਰਚ ਦੀ ਝਲਕ। -ਫੋਟੋ: ਸ਼ਰਮਾ

ਸ਼ਗਨ ਕਟਾਰੀਆ/ਮਨੋਜ ਸ਼ਰਮਾ

ਬਠਿੰਡਾ, 22 ਫਰਵਰੀ 

ਸਥਾਨਕ ਭਾਰਤ ਨਗਰ, ਪਟੇਲ ਨਗਰ ਅਤੇ ਗਰੀਨ ਐਵੇਨਿਊ ਦੇ ਵਸਨੀਕਾਂ ਵੱਲੋਂ ਅੱਜ ਸ਼ਾਮ ਨੂੰ ਸਾਂਝੇ ਤੌਰ ’ਤੇ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਅਤੇ ਮੋਮਬੱਤੀ ਮਾਰਚ ਕੱਢ ਕੇ ਕਾਲੇ ਕਾਨੂੰਨ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ ਗਈ। 

ਪ੍ਰਦਰਸ਼ਨ ਦੌਰਾਨ ਅਧਿਆਪਕ ਆਗੂ ਨਵਚਰਨਪ੍ਰੀਤ, ਡੀਟੀਐੱਫ ਆਗੂ ਰੇਸ਼ਮ ਸਿੰਘ, ਲੋਕ ਮੋਰਚਾ ਪੰਜਾਬ ਦੇ ਮਾਸਟਰ ਜਗਮੇਲ ਸਿੰਘ, ਕਾਲੋਨੀ ਨਿਵਾਸੀ ਸੁਰਜੀਤ  ਸਿੰਘ  ਟੀਨਾ, ਪ੍ਰਿੰ. ਹਰਬੰਸ ਸਿੰਘ, ਜੋਗਿੰਦਰ ਸਿੰਘ ਦੰਦੀਵਾਲ, ਹਰਦੇਵ ਸਿੰਘ ਕਲਸੀ, ਰਤਨ ਪੁਰੀ, ਮੈਡਮ ਟੀਨਾ, ਮੈਡਮ ਕਲਸੀ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਵਿਸ਼ਵ ਭਰ ’ਚੋਂ ਹਮਾਇਤ ਮਿਲ ਰਹੀ ਹੈ ਪਰ ਦੂਜੇ ਪਾਸੇ ਮੋਦੀ ਸਰਕਾਰ ਇਸ ਨੂੰ ਖਾਲਿਸਤਾਨੀ ਅਤੇ ਖੱਬੇ ਪੱਖੀਆਂ ਦਾ ਅੰਦੋਲਨ ਗਰਦਾਨ ਕੇ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ’ਚ ਰੁੱਝੀ ਹੋਈ ਹੈ। 

ਉਨ੍ਹਾਂ ਕਿਹਾ ਕਿ ਇਸ ਪ੍ਰਾਪੇਗੰਡਾ ਨੂੰ ਅੰਦੋਲਨ ਦੇ ਸੰਜਮ, ਜ਼ਾਬਤੇ ਅਤੇ ਸਿਆਣਪ ਨੇ ਬੇਪਰਦ ਕਰ ਦਿੱਤਾ ਹੈ ਅਤੇ ਸਾਬਿਤ ਹੋ ਗਿਆ ਹੈ ਕਿ ਇਹ ਨਿਰੋਲ ਆਰਥਿਕਤਾ ਦਾ ਅੰਦੋਲਨ ਹੈ, ਜਿਸ ਵਿੱਚ ਕਿਸੇ ਧਰਮ ਵਿਸ਼ੇਸ਼ ਦੀ ਕੋਈ ਭੂਮਿਕਾ ਨਹੀਂ। 

ਹਰਜੀਤ ਜੀਦਾ ਅਤੇ ਬਲਜਿੰਦਰ ਸਿੰਘ ਨੇ ਲਾਲ ਕਿਲੇ ਦੀ ਘਟਨਾ ਨੂੰ ‘ਸਰਕਾਰੀ ਸਾਜਿਸ਼’ ਕਰਾਰ ਦਿੰਦਿਆਂ ਕਿਹਾ ਕਿ ‘ਸਰਕਾਰੀ ਗੁੰਡਿਆਂ’ ਵੱਲੋਂ ਪੁਲੀਸ ਦੀ ਸ਼ਹਿ ’ਤੇ ਕੀਤੀ ਗਈ ਗੁੰਡਾਗਰਦੀ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਵਿਕਾਊ ਮੀਡੀਆ ਅਤੇ ਸਰਕਾਰੀ ਬੋਲੀ ਬੋਲਣ ਵਾਲੇ ਬਾਲੀਵੁੱਡ ਅਦਾਕਾਰਾਂ ਅਤੇ ਖਿਡਾਰੀਆਂ ਦੀ ਤਿੱਖੀ ਆਲੋਚਨਾ ਵੀ ਕੀਤੀ। 

ਮੋਮਬੱਤੀ ਮਾਰਚ ਪਟੇਲ ਨਗਰ ਦੇ ਫੌਨਟੇਨ ਪਾਰਕ ਤੋਂ ਸ਼ੁਰੂ ਹੋ ਕੇ ਪਟੇਲ ਨਗਰ, ਭਾਰਤ ਨਗਰ ਅਤੇ ਗਰੀਨ ਐਵਨਿਉ ਦੀਆਂ  ਗਲੀਆਂ  ਵਿੱਚੋਂ  ਹੁੰਦਾ ਹੋਇਆ  ਬੀਬੀ ਵਾਲਾ ਚੌਕ ’ਚ ਕਿਸਾਨ ਅੰਦੋਲਨ ਦੌਰਾਨ ਆਪਾ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਅਤੇ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਮਾਪਤ ਹੋਇਆ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨੌਦੀਪ ਦੀ ਰਿਹਾਈ ਲਈ ਮਾਰਚ

ਜ਼ੀਰਾ: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ  ਯੂਨੀਅਨ ਪੰਜਾਬ ਬਲਾਕ ਜ਼ੀਰਾ ਵੱਲੋਂ ਨੌਦੀਪ ਕੌਰ ਗੱਧੜ ਦੀ ਰਿਹਾਈ ਨੂੰ ਲੈ ਕੇ ਦਾਣਾ ਮੰਡੀ ਜ਼ੀਰਾ ਤੋਂ ਘੰਟਾ ਘਰ ਚੌਕ ਤੱਕ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਜ਼ੀਰਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਨੌਦੀਪ  ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਦੌਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ  ਦੇ ਜਨਰਲ ਸਕੱਤਰ ਬਲਵੰਤ ਮਖੂ, ਲੋਕ ਸੰਗਰਾਮ ਮੋਰਚੇ ਦੇ ਆਗੂ ਸਾਥੀ ਦਲਵਿੰਦਰ ਸਿੰਘ ਸ਼ੇਰਖਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ  ਦੇ ਆਗੂ ਰੇਸ਼ਮ ਸਿੰਘ ਰਟੌਲ ਰੋਹੀ, ਸੰਦੀਪ ਸਿੰਘ ਪੰਡੋਰੀ ਸੂਬਾ ਕਮੇਟੀ ਮੈਂਬਰ, ਬਲਾਕ ਪ੍ਰਧਾਨ ਗਿਆਨ ਸਿੰਘ ਸ਼ਾਹਵਾਲਾ, ਡਾ. ਗੁਰਚਰਨ ਸਿੰਘ ਨੂਰਪੁਰ ਨੇ  ਸੰਬੋਧਨ ਕੀਤਾ ਜਾਵੇ। -ਪੱਤਰ ਪ੍ਰੇਰਕ

ਕਿਸਾਨਾਂ ਨੇ ਟਰੈਕਟਰ ਅਤੇ ਮੋਟਰਸਾਈਕਲ ਰੈਲੀ ਕੱਢੀ

ਅਬੋਹਰ (ਸੁੰਦਰ ਨਾਥ ਆਰੀਆ): ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਅੱਜ ਆਜ਼ਾਦ ਕਿਸਾਨ ਮੋਰਚਾ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ। ਸੰਗਠਨ ਦੇ ਕੌਮੀ ਪ੍ਰਧਾਨ ਮਨੋਜ ਗੋਦਾਰਾ ਦੀ ਅਗਵਾਈ ਹੇਠ ਪਿੰਡ ਰਾਮਸਰਾ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਨੌਜਵਾਨ ਟਰੈਕਟਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਸਨ। ਇਸ ਮੌਕੇ ਅਨਿਰੁੱਧ ਕੜਵਾਸਰਾ, ਸੁਭਾਸ਼ ਗੋਦਾਰਾ, ਮਨੋਜ ਗੋਦਾਰਾ, ਮੇਹਰ ਚੰਦ, ਸੁਦੇਸ਼ ਕੁਮਾਰ ਤੇ ਸੁਸ਼ੀਲ ਕੁਮਾਰ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All