Canal Water Shortage: ਨਹਿਰੀ ਪਾਣੀ ਘਟਿਆ, ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
ਬੱਲੂਆਣਾ ਹਲਕੇ ਦਾ 1200 ਏਕੜ ਰਕਬਾ ਇੱਕੋ ਮੋਘੇ ਦੇ ਸਹਾਰੇ; ਨਵੇਂ ਮੋਘੇ ਬਣਾਉਣ ਦੀ ਮੰਗ
ਪੰਜਾਬ ਸਰਕਾਰ ਵੱਲੋਂ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵਿਆਂ ਦੇ ਬਾਵਜੂਦ ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ ਦੇ ਕਿਸਾਨ ਨਹਿਰੀ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਪਾਣੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਪਿੰਡ ਦਾ ਲਗਪਗ 1000 ਏਕੜ ਰਕਬਾ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਸਿਰਫ਼ ਢਾਈ ਤੋਂ ਤਿੰਨ ਸੌ ਏਕੜ ਵਿੱਚ ਹੀ ਝੋਨਾ ਬੀਜਿਆ ਜਾ ਸਕਿਆ ਹੈ, ਜਦਕਿ ਬਾਕੀ ਵੱਡਾ ਹਿੱਸਾ ਵਿਹਲਾ ਪਿਆ ਹੈ। ਇਕੱਤਰ ਹੋਏ ਕਿਸਾਨਾਂ ਜਸਕਰਨ ਸਿੰਘ, ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ 1200 ਏਕੜ ਰਕਬੇ ਲਈ ਸਿਰਫ਼ ਇੱਕੋ ਮੋਘਾ ਹੋਣਾ ਪਾਣੀ ਦੀ ਪੂਰਤੀ ਲਈ ਨਾ-ਕਾਫ਼ੀ ਹੈ। ਮੋਘੇ ਤੋਂ ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਮਿਲਣ ਕਾਰਨ ਖੇਤਾਂ ਦੇ ਆਖ਼ਰੀ ਸਿਰਿਆਂ ਤੱਕ ਪਾਣੀ ਨਹੀਂ ਪਹੁੰਚਦਾ। ਕਿਸਾਨਾਂ ਨੇ ਮੰਗ ਕੀਤੀ ਕਿ ਚਾਰ ਤੋਂ ਛੇ ਸੌ ਏਕੜ ਰਕਬੇ ਲਈ ਵੱਖਰਾ ਮੋਘਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਨਹਿਰੀ ਪਾਣੀ ਦੀ ਵੰਡ ਸੁਚੱਜੇ ਢੰਗ ਨਾਲ ਹੋ ਸਕੇ। ਜ਼ਮੀਨ ਵਿਹਲੀ ਰਹਿਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਭੰਗਾਲਾ ਦੇ 1200 ਏਕੜ ਰਕਬੇ ਦੀ ਨਹਿਰੀ ਪਾਣੀ ਦੀ ਸਮੱਸਿਆ ਦਾ ਫੌਰੀ ਪੱਕਾ ਹੱਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਨਵੇਂ ਮੋਘੇ ਬਣਾਏ ਜਾਣ, ਤਾਂ ਜੋ ਕਿਸਾਨਾਂ ਨੂੰ ਆਪਣੀ ਜ਼ਮੀਨ ਵਿੱਚ ਫ਼ਸਲਾਂ ਬੀਜਣ ਲਈ ਪਾਣੀ ਦੀ ਸਮੱਸਿਆ ਨਾਲ ਜੂਝਣਾ ਨਾ ਪਵੇ।
ਔੜ ਦੀ ਸਥਿਤੀ ਤੋਂ ਕਿਸਾਨ ਚਿੰਤਤ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਪਹੁੰਚਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਝੋਨਾ ਨਿਸਰਨ ਅਤੇ ਪੱਕਣ ’ਤੇ ਆਇਆ ਹੋਇਆ ਹੈ, ਜਿਸ ਨੂੰ ਪਾਣੀ ਦੀ ਸਖ਼ਤ ਲੋੜ ਹੈ। ਦੂਜੇ ਪਾਸੇ, ਬਾਰਿਸ਼ ਨਾ ਹੋਣ ਅਤੇ ਅੱਸੂ ਦੇ ਮਹੀਨੇ ਵਿੱਚ ਵੀ ਪੈ ਰਹੀ ਵੱਧ ਗਰਮੀ ਕਾਰਨ ਔੜ ਵਰਗੀ ਸਥਿਤੀ ਬਣ ਗਈ ਹੈ। ਕਿਸਾਨ ਅਜੈਬ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚੋਂ ਇਸ ਸਾਲ ਸਾਉਣ ਅਤੇ ਭਾਦੋਂ ਵਿੱਚ ਸਭ ਤੋਂ ਘੱਟ ਬਾਰਿਸ਼ ਹੋਈ ਹੈ। ਹਾਲਾਂਕਿ, ਸਰਕਾਰ ਵੱਲੋਂ ਨਵੇਂ ਨਹਿਰੀ ਖਾਲ ਬਣਾਉਣ ਅਤੇ ਬਿਜਲੀ ਸਪਲਾਈ ਦੇ ਯਤਨ ਕੀਤੇ ਗਏ ਹਨ, ਪਰ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੇ ਸਾਰੇ ਹੀਲੇ ਫੇਲ੍ਹ ਹੋ ਰਹੇ ਹਨ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ 25 ਕਿਲੇ ਝੋਨੇ ਦੇ ਲਾਏ ਹਨ ਪਰ ਪੱਕਣ ’ਤੇ ਆਈ ਫ਼ਸਲ ਸਮੇਂ ਸਿਰ ਪਾਣੀ ਨਹੀਂ ਮਿਲ ਰਿਹਾ। ਜੇ ਹੁਣ ਵੀ ਪਾਣੀ ਦੀ ਘਾਟ ਰਹੀ, ਤਾਂ ਝੋਨੇ ਦੇ ਝਾੜ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ।

