Canal Breach: ਨਹਿਰ ’ਚ ਪਾੜ, ਪੰਜ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਡੁੱਬੀ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਲੰਬੀ ਵਿੱਚ ਤਿਉਣਾ ਡਿਸਟਰੀਬਿਊਟਰੀ ਤੇ ਮਿਠੜੀ ਮਾਈਨਰ ਵਿੱਚ ਤਿੰਨ ਥਾਵਾਂ ’ਤੇ ਪਾੜ ਪੈਣ ਕਾਰਨ ਮਹਿਣਾ, ਮਿਠੜੀ ਬੁੱਧਗਿਰ, ਸਿੰਘੇਵਾਲਾ, ਗੱਗੜ ਅਤੇ ਫ਼ਰੀਦਕੋਟ ਕੋਟਲੀ ਦੇ ਸੈਂਕੜੇ ਏਕੜ ਪੱਕਣ ਕੰਢੇ ਖੜ੍ਹੇ ਝੋਨੇ ਵਿੱਚ ਪਾਣੀ ਭਰ ਗਿਆ।...
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਲੰਬੀ ਵਿੱਚ ਤਿਉਣਾ ਡਿਸਟਰੀਬਿਊਟਰੀ ਤੇ ਮਿਠੜੀ ਮਾਈਨਰ ਵਿੱਚ ਤਿੰਨ ਥਾਵਾਂ ’ਤੇ ਪਾੜ ਪੈਣ ਕਾਰਨ ਮਹਿਣਾ, ਮਿਠੜੀ ਬੁੱਧਗਿਰ, ਸਿੰਘੇਵਾਲਾ, ਗੱਗੜ ਅਤੇ ਫ਼ਰੀਦਕੋਟ ਕੋਟਲੀ ਦੇ ਸੈਂਕੜੇ ਏਕੜ ਪੱਕਣ ਕੰਢੇ ਖੜ੍ਹੇ ਝੋਨੇ ਵਿੱਚ ਪਾਣੀ ਭਰ ਗਿਆ। ਪਾਣੀ ਫ਼ਰੀਦਕੋਟ ਕੋਟਲੀ ਦੀ ਰਿਹਾਇਸ਼ੀ ਆਬਾਦੀ ਤੱਕ ਪਹੁੰਚ ਗਿਆ।
ਮਹਿਣਾ ਨੇੜੇ ਤਿਉਣਾ ਡਿਸਟਰੀਬਿਊਟਰੀ ਦੀ 88000 ਬੁਰਜੀ ’ਤੇ ਮੋਘਾ ਨੰਬਰ 87 ਕੋਲ ਕਰੀਬ 100 ਫੁੱਟ ਚੌੜਾ ਪਾੜ ਪਿਆ ਜਦੋਂਕਿ ਮਿਠੜੀ ਮਾਈਨਰ ਵਿੱਚ ਸਿੰਘੇਵਾਲਾ ਅਤੇ ਗੱਗੜ-ਫ਼ਰੀਦਕੋਟ ਕੋਟਲੀ ਦਰਮਿਆਨ ਦੋ ਹੋਰ ਥਾਂ ਪਾੜ ਪਏ। ਸੂਤਰਾਂ ਮੁਤਾਬਕ ਪਿੱਛੋਂ ਵੱਧ ਪਾਣੀ ਛੱਡਣ ਤੇ ਮੋਘੇ ਬੰਦ ਹੋਣ ਕਾਰਨ ਪਾਣੀ ਦਾ ਦਬਾਅ ਵਧਿਆ। ਮਹਿਣਾ ਨੇੜੇ ਪਾੜ ਕਾਰਨ ਰਣਜੀਤ ਸਿੰਘ, ਮੁਖ਼ਤਿਆਰ ਸਿੰਘ, ਜਗਪਾਲ ਸਿੰਘ, ਬਲਕੌਰ ਸਿੰਘ ਤੇ ਹੋਰਨਾਂ ਦਾ ਲਗਪਗ 100 ਏਕੜ ਰਕਬਾ ਪ੍ਰਭਾਵਿਤ ਹੋਇਆ। ਮਿਠੜੀ ਬੁੱਧਗਿਰ ਤੇ ਸਿੰਘੇਵਾਲਾ ਵਿਚਕਾਰ ਕੌਰ ਸਿੰਘ ਮਾਨ ਦੇ ਖੇਤ ਨੇੜੇ 50 ਤੋਂ 55 ਫੁੱਟ ਚੌੜੇ ਪਾੜ ਕਾਰਨ 60 ਤੋਂ 70 ਏਕੜ ਝੋਨਾ ਡੁੱਬ ਗਿਆ। ਕਿਸਾਨ ਅੰਗਰੇਜ਼ ਸਿੰਘ ਮੁਤਾਬਕ ਇੱਕ ਮਹੀਨੇ ਵਿੱਚ ਮਾਈਨਰ ਤੀਜੀ ਵਾਰ ਟੁੱਟਿਆ ਹੈ। ਉਨ੍ਹਾਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ। ਇਸ ਦੌਰਾਨ ਵਿਭਾਗੀ ਵੱਲੋਂ ਮਹਿਣਾ ਵਿੱਚ ਪਾੜ ਪੂਰਨ ਲਈ ਭੇਜੀ ਪੋਕਲੇਨ ਮਸ਼ੀਨ ਪਹਿਲਾਂ ਡੀਜ਼ਲ ਨਾ ਹੋਣ ਕਾਰਨ ਬੰਦ ਰਹੀ ਅਤੇ ਜਦੋਂ ਕਿਸਾਨਾਂ ਦੇ ਰੌਲੇ ਤੋਂ ਬਾਅਦ ਤੇਲ ਮਿਲਿਆ ਤਾਂ ਬੈਟਰੀ ਜਵਾਬ ਦੇ ਗਈ। ਪੋਕਲੇਨ ਚਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾਂ ਹੀ ਅਧਿਕਾਰੀਆਂ ਨੂੰ ਤੇਲ ਦਾ ਪ੍ਰਬੰਧ ਕਰਨ ਲਈ ਕਿਹਾ ਸੀ।
ਮਾਮਲਾ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਤੱਕ ਪੁੱਜਣ ਮਗਰੋਂ ਨਿਗਰਾਨ ਇੰਜਨੀਅਰ, ਐਕਸੀਅਨ ਜਗਮੀਤ ਸਿੰਘ ਅਤੇ ਐੱਸ ਡੀ ਓ ਸੁਖਪ੍ਰੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਐਕਸੀਅਨ ਨੇ ਦੱਸਿਆ ਕਿ ਮੋਘੇ ਬੰਦ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਰਜਬਾਹੇ ’ਚ ਪਾੜ ਪਿਆ
ਬਠਿੰਡਾ (ਮਨੋਜ ਸ਼ਰਮਾ): ਤਲਵੰਡੀ ਸਾਬੋ ਉਪਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਨੇੜਿਓਂ ਲੰਘਦੇ ਰਜਬਾਹੇ ਵਿੱਚ ਬੀਤੀ ਰਾਤ ਪਿੰਡ ਜਗਾ ਰਾਮ ਤੀਰਥ ਦੀ ਹੱਦ ਅੰਦਰ ਪਾੜ ਪੈਣ ਕਾਰਨ ਕਰੀਬ 300 ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਪੀੜਤ ਕਿਸਾਨਾਂ ਨੇ ਨਹਿਰੀ ਮਹਿਕਮੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨਾਂ ਬੂਟਾ ਸਿੰਘ, ਕੁਲਵੰਤ ਸਿੰਘ, ਬਾਦਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਮੁਲਾਜ਼ਮ ਦੇਰ ਨਾਲ ਪਹੁੰਚੇ ਅਤੇ ਪਾਣੀ ਦੀ ਨਿਕਾਸੀ ਤੇ ਰਜਬਾਹੇ ਨੂੰ ਬੰਦ ਕਰਨ ਵਿੱਚ ਦੇਰੀ ਹੋਈ। ਉੱਧਰ, ਨਹਿਰੀ ਮਹਿਕਮੇ ਦੇ ਜੇ ਈ ਵਿਕਰਮ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਰਜਬਾਹੇ ਵਿੱਚ ਪਾਣੀ ਵੱਧ ਸੀ ਅਤੇ ਚੂਹੇ ਦੀ ਖੁੱਡ ਵਾਲੀ ਥਾਂ ਤੋਂ ਪਾਣੀ ਰਿਸਣ ਕਾਰਨ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮ ਰੋਜ਼ਾਨਾ ਰਜਬਾਹੇ ਦਾ ਦੌਰਾ ਕਰਦੇ ਹਨ ਅਤੇ ਪਾੜ ਪੂਰਨ ਦੇ ਯਤਨ ਕੀਤੇ ਜਾ ਰਹੇ ਹਨ।

