Canal Breach in Asal Village: ਸੂਆ ਟੁੱਟਣ ਕਾਰਨ ਕਈ ਏਕੜ ਫ਼ਸਲ ਤਬਾਹ
ਪਿੰਡ ਆਸਲ ਵਿੱਚ ਪ੍ਰਸ਼ਾਸਨ ਦੀ ਗ਼ੈਰ-ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਖ਼ੁਦ ਪਾੜ ਨੂੰ ਪੂਰਿਆ
ਇੱਥੋਂ ਨੇੜਲੇ ਪਿੰਡ ਆਸਲ ’ਚ ਨਹਿਰੀ ਸੂਆ ਟੁੱਟਣ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਪ੍ਰਸ਼ਾਸਨ ਦੀ ਗੈਰ-ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਖੁਦ ਟਰੈਕਟਰਾਂ ਅਤੇ ਮਿੱਟੀ ਦੀਆਂ ਬੋਰੀਆਂ ਦੀ ਮਦਦ ਨਾਲ ਰਾਤ ਭਰ ਭਾਰੀ ਮੁਸ਼ੱਕਤ ਕਰ ਕੇ ਪਾੜ ਨੂੰ ਪੂਰਿਆ। ਪਿੰਡ ਦੇ ਨੰਬਰਦਾਰ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸੂਆ ਸ਼ਾਮ ਤਕਰੀਬਨ 6 ਵਜੇ ਟੁੱਟਿਆ ਸੀ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰਾਤ 10 ਵਜੇ ਤੱਕ ਬੜੀ ਮੁਸ਼ਕਲ ਨਾਲ ਇਸ ’ਤੇ ਬੰਨ੍ਹ ਮਾਰਿਆ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਘੰਟਿਆਂ ਬਾਅਦ ਇਹ ਦੁਬਾਰਾ ਟੁੱਟ ਗਿਆ। ਇਸ ਤੋਂ ਬਾਅਦ ਲਗਭਗ 11 ਘੰਟਿਆਂ ਤੱਕ ਪਿੰਡ ਦੇ 50-60 ਨੌਜਵਾਨਾਂ ਅਤੇ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਮਿੱਟੀ ਇਕੱਠੀ ਕੀਤੀ ਅਤੇ ਲੋਕਾਂ ਦੇ ਘਰਾਂ ਤੋਂ ਬੋਰੀਆਂ ਮੰਗਵਾ ਕੇ ਤੜਕੇ 5-6 ਵਜੇ ਤੱਕ ਦੁਬਾਰਾ ਬੰਨ੍ਹ ਲਾਇਆ।
ਇਸ ਮੌਕੇ ਪੀੜਤ ਕਿਸਾਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਸ ਕੋਲ ਚਾਰ ਕਿੱਲੇ ਜ਼ਮੀਨ ਹੈ, ਜਿਸ ਵਿੱਚੋਂ ਚਾਰ ਕਨਾਲਾਂ ਦੇ ਹਿੱਸੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ 25 ਫੁੱਟ ਡੂੰਘਾ ਟੋਆ ਪੈ ਗਿਆ ਹੈ ਅਤੇ ਸਾਰੀ ਫਸਲ ਰੁੜ੍ਹ ਗਈ ਹੈ। ਇਸੇ ਤਰ੍ਹਾਂ ਦੋ ਸਕੇ ਭਰਾਵਾਂ, ਅਮਰੀਕ ਸਿੰਘ ਅਤੇ ਥਾਣਾ ਸਿੰਘ ਦੀ 15 ਕਿਲੇ ਜ਼ਮੀਨ ਪ੍ਰਭਾਵਿਤ ਹੋਈ ਹੈ, ਜਿਸ ਵਿੱਚੋਂ ਦੋ ਕਿੱਲਿਆਂ ਵਿੱਚ 200 ਫੁੱਟ ਅੰਦਰ ਤੱਕ ਮਿੱਟੀ ਅਤੇ ਰੇਤ ਚੜ੍ਹ ਗਈ ਹੈ। ਪੀੜਤ ਕਿਸਾਨ ਨੇ ਇਹ ਜ਼ਮੀਨ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ, ਜਿਸ ਕਾਰਨ ਹੁਣ ਉਹ ਕਰਜ਼ੇ ਦੇ ਬੋਝ ਹੇਠ ਦੱਬਣ ਦੀ ਕਗਾਰ ’ਤੇ ਹੈ।
‘ਕੋਈ ਨਹੀਂ, ਦੇਖੀ ਜਾਊਗੀ’: ਅਧਿਕਾਰੀ
ਲੋਕਾਂ ਦਾ ਦੋਸ਼ ਹੈ ਕਿ ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਐੱਸ ਡੀ ਓ ਅਤੇ ਐਕਸੀਅਨ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਬੇਰੁਖ਼ੀ ਦਿਖਾਉਂਦਿਆਂ ਕਿਹਾ ‘ਕੋਈ ਨਹੀਂ, ਦੇਖੀ ਜਾਊਗੀ’। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਬਿਜਲੀ ਅਤੇ ਪਾਣੀ ਦੇ ਪੁਖਤਾ ਪ੍ਰਬੰਧਾਂ ਦੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ, ਪਰ ਨਹਿਰੀ ਵਿਭਾਗ ਦੇ ਅਫਸਰਾਂ ਦੀ ਲਾਪਰਵਾਹੀ ਕਾਰਨ ਕਿਸਾਨ ਬਰਬਾਦ ਹੋ ਰਹੇ ਹਨ।
ਐਕਸੀਅਨ ਨੇ ਦੋਸ਼ ਨਕਾਰੇ
ਕਿਸਾਨਾਂ ਵੱਲੋਂ ਲਾਏ ਗਏ ਦੋਸ਼ ਸਬੰਧੀ ਜਦੋਂ ਐਕਸੀਅਨ ਸੰਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ’ਤੇ ਹੀ ਐਕਸ਼ਨ ਲੈ ਕੇ ਮਹਿਕਮੇ ਵੱਲੋਂ ਜੇ ਸੀ ਬੀ ਭੇਜ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ ਜਦਕਿ ਉਨ੍ਹਾਂ ’ਤੇ ਲੱਗੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।
