Cabinet Minister Sanjeev Arora in Bathinda: ਪੰਜਾਬ ਨਿਵੇਸ਼ਕਾਂ ਦਾ ਸਭ ਤੋਂ ਪਸੰਦੀਦਾ ਸੂਬਾ: ਅਰੋੜਾ
ਕੈਬਨਿਟ ਮੰਤਰੀ ਨੇ ਸਨਅਤਕਾਰਾਂਂ ਦੀਆਂ ਮੁਸ਼ਕਲਾਂ ਸੁਣੀਆਂ; ਸ਼ਹਿਰੀ ਖੇਤਰਾਂ ਵਿੱਚ 1,300 ਕਰੋੜ ਨਾਲ ਨਵੀਆਂ ਸਡ਼ਕਾਂ ਬਣਾਉਣ ਦਾ ਅੈਲਾਨ
ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਇੱਥੇ ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਦੇ ਸਨਅਤਕਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਈਆਂ ਦਾ ਮੌਕੇ ’ਤੇ ਹੱਲ ਕੀਤਾ ਗਿਆ। ਸ੍ਰੀ ਅਰੋੜਾ ਨੇ ਕਿਹਾ ਕਿ ਲਘੂ, ਛੋਟੇ ਤੇ ਦਰਮਿਆਨੇ ਉੱਦਮ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦੇ ਆਰਥਿਕ ਵਿਕਾਸ ਦੀ ਕੁੰਜੀ ਹਨ। ਪੰਜਾਬ ਵਿੱਚ ਵੀ ਐੱਮ ਐੱਸ ਐੱਮ ਈ ਦਾ ਵੱਡਾ ਮਹੱਤਵ ਹੈ ਅਤੇ ਇਹ ਸਨਅਤੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ। ਸਾਲ 2025-26 ਦੌਰਾਨ ਪੰਜਾਬ ’ਚ 60,256 ਕਰੋੜ ਰੁਪਏ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੋਇਆ ਹੈ। ਪੰਜਾਬ ਨੇ ਹਾਲ ਹੀ ਵਿੱਚ ਨਿਵੇਸ਼ ਸੰਮੇਲਨ ਕਰਵਾਇਆ ਸੀ, ਜਿਸ ਵਿੱਚ ਜਪਾਨ, ਕੋਰੀਆ, ਬਰਤਾਨੀਆ ਤੋਂ ਇਲਾਵਾ ਭਾਰਤ ਦੇ ਵੱਡੇ ਉਦਯੋਗਪਤੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਅਤੇ ਰਾਜ ਦੇ ਉਦਯੋਗਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ 2026 ਜਾਰੀ ਕੀਤੀ ਹੈ। ਪਰਾਲੀ ਦਾ ਇਸਤੇਮਾਲ ਕਰਨ ਵਾਲੇ ਪਲਾਂਟ ਸਥਾਪਤ ਕਰਨ ਵਾਲੇ ਉਦਯੋਗਾਂ ਨੂੰ ਸਰਕਾਰ ਵੱਲੋਂ ਵੱਡੀ ਸਬਸਿਡੀ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਜਲਦ ਹੀ ਪੀ ਐੱਸ ਆਈ ਈ ਸੀ ਰਾਹੀਂ ਉਦਯੋਗਿਕ ਮਨਜ਼ੂਰੀਆਂ ਆਨਲਾਈਨ ਹੋ ਜਾਣਗੀਆਂ। ਉਦਯੋਗਪਤੀ ਵੱਖ-ਵੱਖ ਪ੍ਰਵਾਨਗੀਆਂ ਲਈ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਨੂੰ ਆਨਲਾਈਨ ਹੀ ਜਵਾਬ ਵੀ ਮਿਲੇਗਾ। ਬਠਿੰਡਾ ਫੋਕਲ ਪੁਆਇੰਟ ਦੇ ਵਿਕਾਸ ਬਾਰੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 16 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਵਿੱਚੋਂ 13 ਕਰੋੜ ਦੇ ਕੰਮ ਅਲਾਟ ਹੋ ਚੁੱਕੇ ਹਨ ਅਤੇ ਬਾਕੀ 3 ਕਰੋੜ ਦੇ ਵੀ ਜਲਦ ਅਲਾਟ ਹੋ ਜਾਣਗੇ। ਮਈ ਮਹੀਨੇ ਦੇ ਅੰਤ ਤੱਕ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ 2120 ਕਿਲੋਮੀਟਰ ਸੜਕਾਂ 1300 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਬਣਾਈਆਂ ਜਾਣਗੀਆਂ। ਉਦਯੋਗ ਤੇ ਵਪਾਰ ਵਿਭਾਗ ਦੇ ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਪੰਜਾਬ ਸਰਕਾਰ ਦੀਆਂ ਉਦਯੋਗ ਸਬੰਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਗਰੂਪ ਸਿੰਘ ਗਿੱਲ, ਬਲਕਾਰ ਸਿੰਘ ਸਿੱਧੂ, ਜਗਸੀਰ ਸਿੰਘ (ਤਿੰਨੋਂ ਵਿਧਾਇਕ), ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫ਼ੈੱਡ ਪੰਜਾਬ ਅਤੇ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ, ਨੀਲ ਗਰਗ ਚੇਅਰਮੈਨ ਦਰਮਿਆਨੇ ਉਦਯੋਗ ਵਿਕਾਸ ਬੋਰਡ ਪੰਜਾਬ ਤੇ ਹੋਰ ਹਾਜ਼ਰ ਸਨ।
ਕੈਬਨਿਟ ਮੰਤਰੀ ਵੱਲੋਂ ਤੇਲ ਸੋਧਕ ਕਾਰਖਾਨੇ ਦਾ ਦੌਰਾ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐੱਚ ਪੀ ਸੀ ਐੱਲ-ਮਿੱਤਲ ਐਨਰਜੀ ਲਿਮਟਿਡ (ਐੱਚ ਐੱਮ ਈ ਐੱਲ) ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਉਚੇਚੇ ਤੌਰ ’ਤੇ ਮੌਜੂਦ ਸਨ। ਸ੍ਰੀ ਅਰੋੜਾ ਨੇ ਰਿਫਾਇਨਰੀ ਦੇ ਵਿਸ਼ਵ-ਪੱਧਰੀ ਢਾਂਚੇ, ਮਜ਼ਬੂਤ ਸੁਰੱਖਿਆ ਅਤੇ ਆਧੁਨਿਕ ਤਕਨੀਕੀ ਪਹਿਲੂਆਂ ਦੀ ਸ਼ਲਾਘਾ ਕੀਤੀ। ਰਿਫਾਇਨਰੀ ਪਹੁੰਚਣ ’ਤੇ ਕੈਬਨਿਟ ਮੰਤਰੀ ਦਾ ਸਵਾਗਤ ਐੱਮ ਡੀ ਅਤੇ ਸੀ ਈ ਓ ਪ੍ਰਭ ਦਾਸ ਅਤੇ ਸੀਨੀਅਰ ਲੀਡਰਸ਼ਿਪ ਟੀਮ ਵੱਲੋਂ ਕੀਤਾ ਗਿਆ।
ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਵੰਡੇ
ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਦਫ਼ਤਰ ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਸ਼ਹੀਦ ਭਗਤ ਸਿੰਘ ਐਨਕਲੇਵ ਗੋਨਿਆਣਾ ਰੋਡ ਬਠਿੰਡਾ ਦੇ ਕੱਢੇ ਗਏ ਪਲਾਟਾਂ ਦੇ ਡਰਾਅ ਦੇ 116 ਲਾਭਪਾਤਰੀਆਂ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਅਲਾਟਮੈਂਟ ਪੱਤਰ ਦਿੱਤੇ ਗਏ। ਇਸ ਸਮਾਗਮ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਅਤੇ ਰਹਿਣ-ਸਹਿਣ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਐਨਕਲੇਵ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਡਰਾਅ ਰਾਹੀਂ ਜੋ ਵੀ ਪਲਾਟ ਨਿਕਲੇ ਹਨ, ਉਹ ਬਿਨਾਂ ਸਿਫਾਰਸ਼ ਤੋਂ ਬੜੇ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਹਨ। ਉਨ੍ਹਾਂ ਨਗਰ ਸੁਧਾਰ ਟਰੱਸਟ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੀਮ ਸ਼ਹਿਰ ਦੇ ਵਿਕਾਸ ਲਈ ਨਿਰੰਤਰ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਅੰਤ ਵਿੱਚ ਨਗਰ ਟਰੱਸਟ ਸੁਧਾਰ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵੱਲੋਂ ਮੁੱਖ ਮਹਿਮਾਨ ਤੋਂ ਇਲਾਵਾ ਹੋਰ ਮਹਿਮਾਨਾਂ ਅਤੇ ਲਾਭਪਾਤਰੀਆਂ ਦਾ ਧੰਨਵਾਦ ਕੀਤਾ।

