ਸ਼ਗਨ ਕਟਾਰੀਆ
ਬਠਿੰਡਾ, 3 ਦਸੰਬਰ
ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ’ਚ 10 ਤੋਂ 12 ਵਜੇ ਤੱਕ ਹੜਤਾਲ ਕੀਤੀ। ਇਸ ਦੌਰਾਨ ਯੂਨੀਅਨ ਦੇ ਵਰਕਰਾਂ ਨੇ ਸਥਾਨਕ ਬੱਸ ਅੱਡੇ ਦੇ ਮੁੱਖ ਗੇਟ ’ਤੇ ਬੈਠ ਕੇ ਧਰਨਾ ਲਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਆਗੂ ਅਵਤਾਰ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਕੱਚਿਓਂ ਪੱਕੇ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਪੈਰ-ਪੈਰ ’ਤੇ ਲਾਰੇ ਲਾ ਕੇ ਮੁੱਕਰਦੀ ਰਹੀ ਹੈ ਅਤੇ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ 7 ਦਸੰਬਰ ਨੂੰ ਬੇਮਿਆਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਾਫ਼ਲੇ ਵਿੱਚ ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ। ਧਰਨੇ ਦੌਰਾਨ ਪ੍ਰਾਈਵੇਟ ਬੱਸਾਂ ਅੱਡੇ ਦੇ ਬਾਹਰੋਂ ਹੀ ਚੱਲਦੀਆਂ ਰਹੀਆਂ ਜਦ ਕਿ ਸਰਕਾਰੀ ਬੱਸਾਂ ਅੱਡੇ ਵਿਚ ਘਿਰੀਆਂ ਰਹੀਆਂ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਪਨਬੱਸ/ਪੀਆਰਟੀਸੀ ਮੁਲਾਜ਼ਮਾਂ ਵੱਲੋਂ 2 ਘੰਟਿਆਂ ਲਈ ਬੱਸ ਸਟੈਂਡ ਬੰਦ ਰੱਖ ਕੇ ਮੁਕਤਸਰ ਬੱਸ ਸਟੈਂਡ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਡਿਪੂ ਪ੍ਰਧਾਨ ਹਰਜਿੰਦਰ ਸਿੰਘ, ਡਿਪੂ ਸਕੱਤਰ ਤਰਸੇਮ ਸਿੰਘ ਨੇ ਕਿਹਾ ਕਿਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਗੁਰਭੇਜ ਸਿੰਘ, ਅਮਰੀਕ ਸਿੰਘ ਤੇ ਮਨਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ 6 ਦਸੰਬਰ ਤੱਕ ਪੰਜਾਬ ਸਰਕਾਰ ਨੇ ਹੱਲ ਨਾ ਕੱਢਿਆ ਤਾਂ 7 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿੱਚ ਰੋਸ ਧਰਨਾ, ਝੰਡਾ ਮਾਰਚ ਸਮੇਤ ਤਿੱਖੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਖੱਜਲ ਹੋਏ ਮੁਸਾਫ਼ਰ
ਮੋਗਾ (ਮਹਿੰਦਰ ਸਿੰਘ ਰੱਤੀਆਂ): ਮੋਗਾ: ਸੂਬਾ ਭਰ ਵਿੱਚ ਪਨਬੱਸ-ਪੀਆਰਟੀਸੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੁਸਾਫ਼ਰ ਖੱਜਲ ਖੁਆਰ ਹੋਏ। ਪੰਜਾਬ ’ਚ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਰੱਖੇ ਗਏ। ਇਸ ਦੌਰਾਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਲਾਰੀਆਂ ਦੀ ਹੜਤਾਲ ਕਾਰਨ ਨਿੱਜੀ ਬੱਸਾਂ ਨੱਕੋ ਨੱਕ ਭਰਕੇ ਮੰਜ਼ਿਲ ਵੱਲ ਰਵਾਨਾ ਹੁੰਦੀਆਂ ਰਹੀਆਂ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼, ਪਨਬੱਸ ਠੇਕਾ ਕਾਮਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਿਸ ਕਰਕੇ ਅੱਜ ਕੱਚੇ ਕਾਮਿਆਂ ਨੇ ਹੜਤਾਲ ਕੀਤੀ ਹੈ। ਇਸ ਮੌਕੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਅੱਡਾ ਬੰਦ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਰ ਵਾਰ ਸਾਨੂੰ ਲਾਰੇ ਲਾ ਕੇ ਤੋਰ ਦਿੱਤਾ ਜਾਂਦਾ ਹੈ ਅਤੇ ਪੱਕਾ ਨਹੀਂ ਕੀਤਾ ਜਾ ਰਿਹਾ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਯੂਨੀਅਨ ਦੇ ਵਧਦੇ ਦਬਾਅ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਨੂੰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦੇਣਾ ਪਿਆ ਸੀ। ਦੱਸ ਦੇਈਏ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਨੇ 7 ਦਸੰਬਰ ਤੋਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।