ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਜੁਲਾਈ
‘ਆਪ’ ਸਰਕਾਰ ਵੱਲੋਂ ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸ਼ੁਰੂ ਕੀਤੀ ਗਈ ਬੱਸਾ ਸੇਵਾ ਤਹਿਤ ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਮਗਰੋਂ ਪਰਮਿਟ ਮਿਲਣ ’ਤੇ ਮੋਗਾ ਤੋਂ ਦਿੱਲੀ ਹਵਾਈ ਅੱਡੇ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਨਿੱਜੀ ਟਰਾਂਸਪੋਰਟ ਮਾਫੀਆ ਇਸ ਰੂਟ ’ਤੇ ਬੱਸਾਂ ਚਲਾ ਕੇ ਮਨਮਰਜ਼ੀ ਨਾਲ ਕਿਰਾਇਆ ਵਸੂਲ ਰਿਹਾ ਸੀ। ਇਹ ਸਰਕਾਰੀ ਬੱਸ ਰੋਜ਼ਾਨਾ ਮੋਗਾ ਤੋਂ 9 ਵਜੇ ਦਿੱਲੀ ਲਈ ਪੰਦਰਾਂ ਨੰਬਰ ਕਾਊਂਟਰ ਤੋਂ ਰਵਾਨਾ ਹੋਵੇਗੀ ਅਤੇ 8 ਘੰਟਿਆਂ ਵਿੱਚ ਦਿੱਲੀ ਪਹੁੰਚੇਗੀ। ਇਹ ਬੱਸ ਰਾਤ 11 ਵਜੇ ਦਿੱਲੀ ਤੋਂ ਮੋਗੇ ਲਈ ਵਾਪਸੀ ਰਵਾਨਾ ਹੋਵੇਗੀ ਅਤੇ 7:30 ਮੋਗਾ ਪਹੁੰਚੇਗੀ। ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੇ ਜਨਰਲ ਮੈਨੇਜਰ ਸ਼ੁਭਾਸ ਚੰਦਰ ਨੇ ਦੱਸਿਆ ਕਿ ਇਸ ਬੱਸ ਰਾਹੀਂ ਸਫ਼ਰ ਕਰਨ ਉੱਤੇ ਪ੍ਰਤੀ ਸਵਾਰੀ ਇੱਕ ਪਾਸੇ ਦਾ 1165 ਰੁਪਏ ਕਿਰਾਇਆ ਲੱਗੇਗਾ।