ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕੇਂਦਰੀ ਬਜਟ 2026-27 ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ ਨਾ ਤਾਂ ਕਿਸੇ ਨਵੀਂ ਸੋਚ ਨੂੰ ਦਰਸਾਉਂਦਾ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਪੇਸ਼ ਕਰਦਾ ਹੈ। ਸਰਕਾਰ ਨੇ ਪੁਰਾਣੇ ਪ੍ਰਬੰਧਾਂ ਨੂੰ ਨਵੇਂ ਸ਼ਬਦਾਂ ਵਿੱਚ ਪੇਸ਼ ਕਰ ਕੇ ਸਿਰਫ਼ ਅੰਕੜਿਆਂ ਨਾਲ ਛੇੜ-ਛਾੜ ਕੀਤੀ ਹੈ।
ਸ਼ੈਲਜਾ ਨੇ ਕਿਹਾ ਕਿ ਇਹ ਬਜਟ ਸਿਰਫ਼ ਬਿਆਨਬਾਜ਼ੀ ਦਾ ਦਸਤਾਵੇਜ਼ ਬਣ ਗਿਆ ਹੈ। ਸਰਕਾਰ ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਦੀ ਆਮਦਨ, ਮੱਧ ਵਰਗ ਲਈ ਰਾਹਤ, ਨੌਜਵਾਨਾਂ ਲਈ ਰੁਜ਼ਗਾਰ, ਔਰਤਾਂ ਦੀ ਸੁਰੱਖਿਆ ਅਤੇ ਗਰੀਬਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਰਗੇ ਬੁਨਿਆਦੀ ਮੁੱਦਿਆਂ ’ਤੇ ਕੋਈ ਠੋਸ ਐਲਾਨ ਕਰਨ ਵਿੱਚ ਅਸਫਲ ਰਹੀ ਹੈ। ਇਸ ਬਜਟ ਨੇ ਸਮਾਜ ਦੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ।
ਸ਼ੈਲਜਾ ਨੇ ਕਿਹਾ ਕਿ ਇਸ ਬਜਟ ਵਿੱਚ ਖਾਸ ਤੌਰ ’ਤੇ ਹਰਿਆਣਾ ਦੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਹਰਿਆਣਾ ਲਈ ਕੋਈ ਵੱਡੇ ਪ੍ਰਾਜੈਕਟ, ਵਿਸ਼ੇਸ਼ ਪੈਕੇਜ ਜਾਂ ਵਿਕਾਸ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ, ਜੋ ਰਾਜ ਨਾਲ ਸਿੱਧਾ ਵਿਤਕਰਾ ਦਰਸਾਉਂਦਾ ਹੈ। ਉਦਯੋਗਿਕ, ਖੇਤੀਬਾੜੀ ਅਤੇ ਵਿਦਿਅਕ ਖੇਤਰਾਂ ਵਿੱਚ ਮੋਹਰੀ ਰਾਜ ਹੋਣ ਦੇ ਬਾਵਜੂਦ, ਹਰਿਆਣਾ ਨੂੰ ਇਸ ਬਜਟ ਵਿੱਚ ਕੋਈ ਵਿਸ਼ੇਸ਼ ਤਰਜੀਹ ਨਹੀਂ ਦਿੱਤੀ ਗਈ ਹੈ। ਸ਼ੈਲਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਲੋਕ ਵਿਰੋਧੀ ਬਜਟ ਦਾ ਵਿਰੋਧ ਕਰੇਗੀ ਅਤੇ ਸੰਸਦ ਤੋਂ ਸੜਕਾਂ ਤੱਕ ਜਨਤਾ ਦੀ ਆਵਾਜ਼ ਬੁਲੰਦ ਕਰੇਗੀ।

