ਬੀਐੱਸਐੱਨਐੱਲ ਦੇ ਕੱਚੇ ਕਾਮੇ ਟਾਵਰ ’ਤੇ ਚੜ੍ਹੇ

ਬੀਐੱਸਐੱਨਐੱਲ ਦੇ ਕੱਚੇ ਕਾਮੇ ਟਾਵਰ ’ਤੇ ਚੜ੍ਹੇ

ਬਠਿੰਡਾ ਦੇ ਭਾਰਤ ਨਗਰ ਸਥਿਤ ਬੀਐੱਸਐੱਨਐੱਲ ਦੇ ਕੱਚੇ ਕਾਮੇ ਟਾਵਰ ’ਤੇ ਚੜ੍ਹ ਕੇ ਆਪਣੀ ਮੰਗ ਲਈ ਨਾਅਰੇਬਾਜ਼ੀ ਕਰਦੇ ਹੋਏ।- ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 6 ਜੁਲਾਈ

ਅੱਜ ਦੇਸ਼ ਦੀ ਵੱਡੀ ਦੂਰ ਸੰਚਾਰ ਕੰਪਨੀ ਬੀਐੱਸਐੱਨਐੱਲ ਦੇ ਕੱਚੇ ਕਾਮੇ ਲੰਮੇ ਸਮੇਂ ਤੋਂ ਤਨਖ਼ਾਹਾਂ ਨੇ ਮਿਲਣ ਤੋਂ ਖ਼ਫ਼ਾ ਹੋ ਕੇ ਬੀਐੱਸਐੱਨਐੱਲ ਦੇ ਮੁੱਖ ਦਫ਼ਤਰ ਕੋਲ ਟਾਵਰ ’ਤੇ ਚੜ੍ਹ ਗਏ। ਟਾਵਰ ’ਤੇ ਚੜ੍ਹਨ ਵਾਲਿਆਂ ਵਿੱਚ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਰਾਜਾ ਸਿੰਘ ਤੇ ਮਨਜੀਤ ਸਿੰਘ ਦੇ ਨਾਂ ਸ਼ਾਮਲ ਹਨ। ਕਾਮਿਆਂ ਨੇ ਟਾਵਰ ’ਤੇ ਬੈਠ ਕੇ ਚਿਤਾਵਨੀ ਦਿੱਤੀ ਕਿ ਜਿੰਨਾ ਦੇਰ ਤੱਕ ਵਿਭਾਗ ਦੇ ਅਫ਼ਸਰ ਤੇ ਠੇਕੇਦਾਰ ਉਨ੍ਹਾਂ ਦੀ ਤਨਖ਼ਾਹਾਂ ਸਬੰਧੀ ਫ਼ੈਸਲਾ ਨਹੀਂ ਕਰਦੇ ਉਦੋਂ ਤੱਕ ਉਹ ਟਾਵਰ ਤੋਂ ਨਹੀਂ ਉੱਤਰਨਗੇ। ਕੱਚੇ ਕਾਮਿਆਂ ਦਾ ਜਦੋਂ ਟਾਵਰ ’ਤੇ ਚੜ੍ਹਨ ਦਾ ਪਤਾ ਲੱਗਾ ਤਾਂ ਵਿਭਾਗ ਦੇ ਅਫ਼ਸਰਾਂ ਤੇ ਬਠਿੰਡਾ ਪੁਲੀਸ ਨੂੰ ਭਾਜੜਾਂ ਪੈ ਗਈਆਂ ਤੇ ਇਸ ਮੌਕੇ ਜ਼ਿਲ੍ਹਾ ਪੁਲੀਸ ਐੱਸਪੀ ਜਸਪਾਲ ਸਿੰਘ ਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਵੀ ਧਰਨਾਕਾਰੀਆਂ ਦੇ ਟਾਵਰ ’ਤੇ ਚੜ੍ਹੇ ਸਾਥੀ ਕਾਮਿਆਂ ਨੂੰ ਸ਼ਾਂਤ ਕਰਨ ਲਈ ਜੁਟੇ ਹੋਏ ਸਨ। ਅੱਜ ਦੁਪਹਿਰ ਬੀਐੱਸਐੱਨਐੱਲ ਦੇ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਜੇ ਕੁਮਾਰ ਦੀ ਅਗਵਾਈ ’ਚ ਇਕੱਠੇ ਹੋਏ ਵਰਕਰਾਂ ਵੱਲੋਂ ਦੂਰ ਸੰਚਾਰ ਵਿਭਾਗ ਦੇ ਭਾਰਤ ਨਗਰ ਸਥਿਤ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕਰ ਰਹੇ ਸਨ ਤੇ 4 ਕਾਮੇ ਟਾਵਰ ’ਤੇ ਬੈਠ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਹੋਏ ਸਨ। ਧਰਨੇ ਨੂੰ ਸਮਰਥਨ ਦੇਣ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਅਤੇ ਰਾਮਪੁਰਾ ਫੂਲ ਹਲਕੇ ਦੇ ਇੰਚਾਰਜ ਜਤਿੰਦਰ ਸਿੰਘ ਭੱਲਾ ਵੀ ਪੁੱਜੇ ਹੋਏ ਜਿੰਨਾ ਨੇ ਬੀਐਸਐਨਐਲ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਅਫ਼ਸਰਾਂ ਨਾਲ ਗੱਲਬਾਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੰਜੇ ਕੁਮਾਰ, ਆਪ ਆਗੂ ਨਵਦੀਪ ਸਿੰਘ ਤੇ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਦਾ ਕੇਂਦਰ ਦੀ ਮੋਦੀ ਸਰਕਾਰ ਭੋਗ ਪਾਉਣ ਜਾ ਰਹੀ ਹੈ। ਵਿਭਾਗ ਵੱਲੋਂ ਪੱਕੀ ਭਰਤੀ ਬੰਦ ਕਰ ਕੇ ਕੱਚੇ ਕਾਮਿਆਂ ’ਤੇ ਬੋਝ ਲੱਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਕਾਮਿਆਂ ਦਾ ਠੇਕੇਦਾਰ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਬੀਐੱਸਐੱਨਐੱਲ ਯੂਨੀਅਨ ਦੇ ਬੁਲਾਰਿਆਂ ਨੇ ਦੋਸ਼ ਲਗਾਏ ਕਿ ਕਿ ਉਨ੍ਹਾਂ ਜਨਵਰੀ 2019 ਤੋਂ ਬਾਅਦ 17 ਮਹੀਨਿਆਂ ਦੀ ਤਨਖ਼ਾਹਾਂ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਵੱਡਾ ਫ਼ੈਸਲਾ ਲੈਣ ਲਈ ਲਈ ਮਜਬੂਰ ਹੋਣ ਪੈ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ 4 ਕਾਮੇ ਟਾਵਰ ’ਤੇ ਚੜ੍ਹੇ ਹੋਏ ਸਨ ਤੇ ਉਨ੍ਹਾਂ ਨੂੰ ਟਾਵਰ ਤੋਂ ਥੱਲੇ ਉਤਾਰਨ ਦੀ ਕੋਸ਼ਿਸ਼ ਜਾਰੀ ਸੀ। ਇਸ ਸਬੰਧੀ ਬੀਐੱਸਐੱਨਐੱਲ ਦੇ ਜੀਐੱਮ ਰਾਹੁਲ ਅਸ਼ੋਕ ਆਇਅਨ ਨੇ ਕਿਹਾ ਕਿ ਉਹ ਜਲਦੀ ਉੱਪਰ ਗੱਲਬਾਤ ਕਰ ਕੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਕੈਦੀਆਂ ਦੀ ਵੀਡੀਓ ਬਣਾਉਣ ਵਾਲੇ ਹਵਾਲਾਤੀ ਖ਼ਿਲਾਫ਼ ਕੇਸ ਦਰਜ

ਫ਼ਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ) ਇਥੋਂ ਦੀ ਕੇਂਦਰੀ ਜੇਲ੍ਹ ਦੀ ਇੱਕ ਬੈਰਕ ’ਚ ਗਾਣੇ ’ਤੇ ਨੱਚਦੇ ਕੈਦੀਆਂ ਦੀ ਵੀਡੀਓ ਇੱਕ ਟੀਵੀ ਚੈਨਲ ’ਤੇ ਨਸ਼ਰ ਹੋਣ ਮਗਰੋਂ ਵੀਡੀਓ ਬਣਾਉਣ ਵਾਲੇ ਹਵਾਲਾਤੀ ਖ਼ਿਲਾਫ਼ ਥਾਣਾ ਸਿਟੀ ’ਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਘਟਨਾ 4 ਜੁਲਾਈ ਦੀ ਦੱਸੀ ਜਾਂਦੀ ਹੈ। ਜੇਲ੍ਹ ਦੀ ਵਾਰਡ ਨੰਬਰ ਇੱਕ ਵਿਚ ਬੰਦ ਕੁਝ ਕੈਦੀ ਬੈਰਕ ਅੰਦਰ ਲੱਗੇ ਟੀਵੀ ’ਤੇ ਚੱਲ ਰਹੇ ਗਾਣੇ ’ਤੇ ਨੱਚ ਰਹੇ ਸਨ। ਕਿਸੇ ਨੇ ਨੱਚਦੇ ਕੈਦੀਆਂ ਦੀ ਵੀਡੀਓ ਮੋਬਾਈਲ ’ਚ ਕੈਦ ਕਰ ਲਈ ਤੇ ਕਿਸੇ ਨੂੰ ਅਗਾਂਹ ਭੇਜ ਦਿੱਤਾ। ਕੁਝ ਚਿਰ ਮਗਰੋਂ ਇਹ ਵੀਡੀਓ ਇੱਕ ਟੀਵੀ ਚੈਨਲ ’ਤੇ ਪ੍ਰਸਾਰਿਤ ਹੋ ਗਈ, ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੜਤਾਲ ਹੋਈ ਤਾਂ ਪਤਾ ਲੱਗਾ ਇਹ ਵੀਡੀਓ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪੜਤਾਲ ਕਰਕੇ ਪਤਾ ਲਾਇਆ ਕਿ ਇਹ ਵੀਡੀਓ ਹਵਾਲਾਤੀ ਲੋਕੇਸ਼ ਕੁਮਾਰ ਗੁਦਾਰਾ ਵਾਸੀ ਹਰੀਪੁਰਾ ਥਾਣਾ ਖੁਈਆਂ ਸਰਵਰ ਅਬੋਹਰ ਵੱਲੋਂ ਬਣਾਈ ਗਈ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All