ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 10 ਅਗਸਤ
ਮੋਗਾ ਵਿੱਚ ਮੋਟਰਸਾਈਕਲ ਸਵਾਰ ਭੈਣ-ਭਰਾ ਦੀ ਬੱਸ ਨਾਲ ਟੱਕਰ ਹੋਣ ’ਤੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਉਹ ਆਪਣੀ ਭੈਣ ਨਾਲ ਰੱਖੜੀ ਬੰਨ੍ਹਣ ਜਾ ਰਹੇ ਸਨ। ਵੇਰਵਿਆਂ ਪਿੰਡ ਸ਼ੂਸ਼ਕ (ਫਿਰੋਜ਼ਪੁਰ) ਦਾ ਕੁਲਦੀਪ ਸਿੰਘ ਆਪਣੀ ਭੈਣ ਸੁਰਜੀਤ ਕੌਰ ਨਾਲ ਆਪਣੇ ਮਾਸੀ ਦੇ ਪੁੱਤਰ ਦੇ ਰੱਖੜੀ ਬੰਨ੍ਹਣ ਲਈ ਜਗਰਾਉਂ ਰੋਡ ਸਥਿਤ ਪਿੰਡ ਮਹਿਣਾ ਵੱਲ ਜਾ ਰਹੇ ਸਨ। ਉਹ ਦੱਤ ਰੋਡ ਸਾਹਮਣੇ ਨਿੱਜੀ ਬੱਸ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਕਾਰਨ ਕੁਲਦੀਪ ਸਿੰਘ (21) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਭੈਣ ਡਿਵਾਈਡਰ ’ਤੇ ਡਿੱਗਣ ਕਾਰਨ ਬਚ ਗਈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ ਤੇ ਮਾਮਲੇ ਦੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਫੈਲ ਗਿਆ।
ਰੇਲ ਗੱਡੀ ਹੇਠ ਆਉਣ ਕਾਰਨ ਰੇਲਵੇ ਕਾਮੇ ਦੀ ਮੌਤ
ਹੰਡਿਆਇਆ (ਪੱਤਰ ਪ੍ਰੇਰਕ): ਇੱਥੋਂ ਦੇ ਰੇਲਵੇ ਸਟੇਸ਼ਨ ਤੋਂ ਤਪਾ ਵੱਲ ਜਾਂਦੀ ਰੇਲਵੇ ਲਾਈਨ ’ਤੇ ਨਜ਼ਦੀਕੀ ਪਿੰਡ ਖੁੱਡੀ ਖੁਰਦ ਵਾਲੀ ਸਾਈਡ ਨੂੰ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਰੇਲਵੇ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਰੇਲਵੇ ਪੁਲੀਸ ਚੌਕੀ ਦੇ ਸਹਾਇਕ ਥਾਣੇਦਾਰ ਹਰਕੇਸ਼ ਸਿੰਘ ਨੇ ਦੱਸਿਆ ਕਿ ਅੰਬਾਲਾ ਤੋਂ ਬਠਿੰਡਾ ਰੇਲਵੇ ਲਾਈਨ ’ਤੇ ਸਟੇਸ਼ਨ ਹੰਡਿਆਇਆ ਤੋਂ ਤਪਾ ਰੇਲਵੇ ਲਾਈਨ ਵੱਲ ਜਾਂਦਿਆਂ ਪਿੰਡ ਖੁੱਡੀ ਖੁਰਦ ਵੱਲ ਕੀਮੈਨ ਕਰਨੈਲ ਸਿੰਘ (56) ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।