Punjab agriculture policy ਬਾਰੇ ਵਾਅਦਾਖ਼ਿਲਾਫ਼ੀ ਕਿਸਾਨਾਂ ਨਾਲ ਧੋਖਾ ਕਰਾਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਨਾ ਪੁਗਾਉਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਇੱਥੇ ਡੀ ਸੀ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ...
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਨਾ ਪੁਗਾਉਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਇੱਥੇ ਡੀ ਸੀ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ ਅਤੇ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਅਤੇ ਕਿਸਾਨ-ਮਜ਼ਦੂਰ ਪੱਖੀ ਖੇਤੀ ਨੀਤੀ ਦੇਣ ਦਾ ਵਾਅਦਾ ਕੀਤਾ ਸੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਉਪਰੰਤ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਸੁਝਾਅ ਮੰਗੇ ਸਨ ਅਤੇ ਖੇਤੀ ਮਾਹਿਰਾਂ ਤੋਂ ਨੀਤੀ ਦਾ ਖਰੜਾ ਵੀ ਤਿਆਰ ਕਰਵਾਇਆ ਗਿਆ ਸੀਪਰ ਆਪਣੇ ਹੁਕਮਾਂ ’ਤੇ ਤਿਆਰ ਕੀਤੀ ਖੇਤੀ ਨੀਤੀ ਵੀ ਲਾਗੂ ਨਹੀਂ ਕੀਤੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੀ ਮਾਰ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ, ਸਗੋਂ ਮਜ਼ਦੂਰ ਵੀ ਆਰਥਿਕ ਨਪੀੜੇ ਦਾ ਸ਼ਿਕਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਬਜਾਏ ਵੱਡੇ ਸਰਮਾਏਦਾਰਾਂ ਨੂੰ ਰਾਹਤਾਂ ਦੇ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ, ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਵਾਰਤਾ ਰੱਦ ਕੀਤੀ ਜਾਵੇ। ਖੇਤੀ ਨਾਲ ਸਬੰਧਿਤ ਨਿੱਜੀਕਰਨ ਵਾਲੇ ਕਾਨੂੰਨ ਤੇ ਬਿੱਲ ਰੱਦ ਕਰਨ ਤੇ ਪਾਣੀਆਂ ’ਤੇ ਵਿਸ਼ਵ ਵਪਾਰ ਸੰਸਥਾ ਦਾ ਕਬਜ਼ਾ ਕਰਵਾਉਣ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਮੁੜ ਲਿਆਉਣ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਆਪਣੀ ‘ਮੁਜਰਮਾਨਾ ਚੁੱਪ’ ਜਾਰੀ ਰੱਖੀ ਤਾਂ 5 ਸਤੰਬਰ ਨੂੰ ਸਰਕਾਰ ’ਤੇ ਦਬਾਅ ਵਧਾਉਣ ਵਾਲਾ ਐਕਸ਼ਨ ਕੀਤਾ ਜਾਵੇਗਾ।
ਬਰਨਾਲਾ (ਪਰਸ਼ੋਤਮ ਬੱਲੀ): ਮੁਕਤ ਵਪਾਰ ਸਮਝੌਤਿਆਂ ਤੇ ਲਟਕਦੀਆਂ ਕਿਸਾਨ ਮਜ਼ਦੂਰ ਮੰਗਾਂ ਸਬੰਧੀ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਡੀ ਸੀ ਬਰਨਾਲਾ ਦਫ਼ਤਰ ਅੱਗੇ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਕਿਸਾਨੀ ਨੂੰ ਹਲੂਣਦਿਆਂ ਕਿਹਾ ਕਿ ਜ਼ਮੀਨ ਹੱਥੋਂ ਖੁੱਸਣ ਦਾ ਖ਼ਦਸ਼ਾ ਸਿਰ ‘ਤੇ ਆ ਗਿਆ, ਜਿਸ ਕਰ ਕੇ ਸੱਥਾਂ ’ਚ ਬੈਠਣ ਦੀ ਬਜਾਇ ਸੰਘਰਸ਼ ਕਰਨਾ ਪਵੇਗਾ। ਜੇਕਰ ਸੰਘਰਸ਼ ਨਾ ਕੀਤਾ ਤਾਂ ਜ਼ਮੀਨਾਂ ਖੁੱਸ ਜਾਣਗੀਆਂ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਇਥੇ ਡੀ ਸੀ ਦਫਤਰ ਮੂਹਰੇ ਧਰਨੇ ਦੇ ਚੌਥੇ ਦਿਨ ‘ਲੋਕ ਸੰਗੀਤ ਮੰਡਲੀ ਜੀਦਾ’ ਦੇ ਜਗਸੀਰ ਜੀਦਾ ਨੇ ਜੁਝਾਰੂ ਗੀਤ ਗਾ ਕੇ ਮੋਰਚੇ ਵਿੱਚ ਜੋਸ਼ ਭਰ ਦਿੱਤਾ। ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਨੇ ਪੰਜਾਬ ਤੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜ਼ਮੀਨਾਂ ਖੋਹਣ ਵਾਲੀ ਲੁਟੇਰੀ ਲੈਂਡ ਪੂਲਿੰਗ ਨੀਤੀ ਦੁਬਾਰਾ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ।
ਕਿਸਾਨ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦੀ ਤਿਆਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਆਰੰਭ ਕੀਤੇ ਅਣਮਿਥੇ ਸਮੇਂ ਲਈ ਦਿਨ-ਰਾਤ ਦੇ ਪੱਕੇ ਮੋਰਚੇ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਚੌਥੇ ਦਿਨ ਵੀ ਜਾਰੀ ਰਹੇ। ਮੋਰਚੇ ਦੌਰਾਨ ਕਿਸਾਨ ਮੰਗਾਂ ਦੇ ਨਾਲ-ਨਾਲ ਮੁਲਾਜ਼ਮਾਂ ਮੰਗਾਂ ਮੰਨਣ ਦੀ ਵੀ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ। ਮਾਨਸਾ ਦੇ ਡੀ ਸੀ ਦਫ਼ਤਰ ਅੱਗੇ ਲਾਏ ਪੱਕੇ ਮੋਰਚੇ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਡੀ ਸੀ ਦਫ਼ਤਰਾਂ ਦੇ ਅੱਗੇ ਲੱਗੇ ਮੋਰਚੇ ਵਿੱਚ 4 ਸਤੰਬਰ ਨੂੰ ਆਪਣੀ ਭਰਵੀਂ ਹਾਜ਼ਰੀ ਲਗਵਾਉਣ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਹਰ ਮਿਹਨਤੀ ਵਰਗ ਨੱਕ ਵਿੱਚ ਦਮ ਕਰ ਛੱਡਿਆ ਹੈ, ਜਿਸ ਨੂੰ ਬਰਦਾਸ਼ਤ ਕਰਨਾ ਔਖਾ ਹੈ। ਕਿਸਾਨ ਆਗੂ ਨੇ ਮੋਰਚੇ ’ਚ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਾਰੀ ਹੀ ਨਹੀਂ ਰਹੇਗਾ, ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਵੀ ਹੋਵੇਗਾ, ਕਿਉਂਕਿ ਜੋ ਕੇਂਦਰ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਹੈ, ਉਸ ਨਾਲ ਕਿਸਾਨ ਵਰਗ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।ਉਨ੍ਹਾਂ ਕਿਹਾ ਕਿ ਡੀ ਸੀ ਦਫ਼ਤਰ ਅੱਗੇ ਲੱਗੇ ਮੋਰਚੇ ਦੀਆਂ ਕੁੱਲ 13 ਮੰਗਾਂ ਹਨ ਜਿਸ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਤੁਰੰਤ ਮੰਨੇ ਅਤੇ ਲਾਗੂ ਕਰੇ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।

