ਪਰਮਜੀਤ ਸਿੰਘ
ਫ਼ਾਜ਼ਿਲਕਾ, 27 ਨਵੰਬਰ
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਚਿਸ਼ਤੀ ਨੇੜੇ ਟਰੈਕਟਰ-ਟਰਾਲੀ ਹੇਠ ਆਉਣ ਕਰਨ 14 ਵਰ੍ਹਿਆਂ ਦੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਅਕਾਸ਼ਦੀਪ ਸਿੰਘ (14) ਵਾਸੀ ਪਿੰਡ ਪੱਕਾ ਚਿਸ਼ਤੀ ਦੇ ਪਿਤਾ ਮਨਮੋਹਨ ਸਿੰਘ ਨੇ ਸਦਰ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ 14 ਵਰ੍ਹਿਆਂ ਦਾ ਬੇਟਾ ਅਕਾਸ਼ਦੀਪ ਜੋ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਬੀਤੀ ਸ਼ਾਮ ਸਾਈਕਲ ‘ਤੇ ਖੇਤ ਤੋਂ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਟਰੈਕਟਰ-ਟਰਾਲੀ ਚਾਲਕ ਨੇ ਬਿਨਾਂ ਦੇਖੇ ਟਰੈਕਟਰ ਟਰਾਲੀ ਮੋੜ ਦਿੱਤਾ। ਇਸ ਕਾਰਨ ਉਸ ਦਾ ਬੇਟਾ ਟਰਾਲੀ ਹੇਠ ਆ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਜਦ ਉਸ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉੱਥੇ ਡਾਕਟਰ ਨੇ ਅਕਾਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਜਦ ਹਾਦਸਾ ਹੋਇਆ ਤਾਂ ਟਰੈਕਟਰ ਚਾਲਕ ਆਪਣਾ ਟਰੈਕਟਰ ਭਜਾ ਕੇ ਲੈ ਗਿਆ ਜਿਸ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਫੜਿਆ। ਮ੍ਰਿਤਕ ਲੜਕੇ ਦਾ ਅੱਜ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ। ਸਦਰ ਪੁਲੀਸ ਨੇ ਟਰੈਕਟਰ-ਟਰਾਲੀ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅੱਗ ਲੱਗਣ ਕਾਰਨ ਬਾਲਿਆਂ ਦੀ ਛੱਤ ਡਿੱਗੀ; ਔਰਤ ਦੀ ਮੌਤ
ਸਰਦੂਲਗੜ੍ਹ (ਬਲਜੀਤ ਸਿੰਘ): ਨੇੜਲੇ ਪਿੰਡ ਸਰਦੂਲੇਵਾਲਾ ਵਿੱਚ ਬੀਤੀ ਰਾਤ ਬਾਲਿਆਂ ਤੇ ਕੱਖਾਂ-ਕਾਨਿਆਂ ਦੀ ਛੱਤ ਨੂੰ ਅੱਗ ਲੱਗ ਗਈ। ਛੱਤ ਡਿੱਗਣ ਕਾਰਨ ਝੁਲਸੀ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਕੁਮਾਰ ਵਾਸੀ ਸਰਦੂਲੇਵਾਲਾ ਦੇ ਘਰ ਵੀਰਵਾਰ ਦੀ ਰਾਤ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਲੱਕੜ ਦੇ ਬਾਲਿਆਂ ਤੇ ਕੱਖਾਂ-ਕਾਨਿਆਂ ਦੀ ਬਣੀ ਛੱਤ ਡਿੱਗ ਪਈ। ਥਾਣਾ ਮੁਖੀ ਸਰਦੂਲਗੜ੍ਹ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਕਮਰੇ ਦੀ ਛੱਤ ਡਿੱਗਣ ਅਤੇ ਅੱਗ ’ਚ ਝੁਲਸ ਜਾਣ ਕਾਰਨ ਸੀਤਾ ਦੇਵੀ (40) ਪਤਨੀ ਰਾਮ ਕੁਮਾਰ ਦੀ ਮੌਤ ਹੋ ਗਈ ਹੈ ਜੋ ਆਪਣੇ ਪਿੱਛੇ ਦੋ ਲੜਕੇ ਅਤੇ ਇੱਕ ਲੜਕੀ ਛੱਡ ਗਈ ਹੈ। ਸੀਤਾ ਦੇਵੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਲਿਆਂਦਾ ਗਿਆ। ਰਿਪੋਰਟ ਆਉਣ ਤੋਂ ਬਆਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਸਰਦੂਲਗੜ੍ਹ ਪੁਲੀਸ ਨੇ 174 ਦੀ ਕਾਰਵਾਈ ਮਗਰੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।