Bomb Threat in Ferozepur and Barnala Courts: ਫਿਰੋਜ਼ਪੁਰ ਅਦਾਲਤ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ
ਪੁਲੀਸ ਨੇ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੋਂ ਦੀ ਜ਼ਿਲ੍ਹਾ ਕਚਹਿਰੀ ਨੂੰ ਇੱਕ ਵਾਰ ਫਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਸੂਚਨਾ ਮਿਲਦਿਆਂ ਹੀ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਉੱਚ ਪੁਲੀਸ ਅਧਿਕਾਰੀ ਭਾਰੀ ਫੋਰਸ ਸਮੇਤ ਅਦਾਲਤ ਕੰਪਲੈਕਸ ਵਿੱਚ ਪੁੱਜ ਗਏ। ਪੁਲੀਸ ਵੱਲੋਂ ਤੁਰੰਤ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਵਕੀਲਾਂ, ਮੁਲਾਜ਼ਮਾਂ ਅਤੇ ਆਪਣੇ ਕੇਸਾਂ ਦੇ ਸਬੰਧ ਵਿੱਚ ਆਏ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ। ਬੰਬ ਨਿਰੋਧਕ ਦਸਤੇ ਅਤੇ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਬਰੀਕੀ ਨਾਲ ਅਦਾਲਤ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪੁਲੀਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਈ-ਮੇਲ ਕਿੱਥੋਂ ਆਈ ਅਤੇ ਇਸ ਦੇ ਪਿੱਛੇ ਕਿਸ ਸ਼ਰਾਰਤੀ ਅਨਸਰ ਦਾ ਹੱਥ ਹੈ। ਸਾਈਬਰ ਸੈੱਲ ਦੀ ਮਦਦ ਨਾਲ ਧਮਕੀ ਦੇਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ।
ਬਰਨਾਲਾ ’ਚ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ
ਬਰਨਾਲਾ (ਰਵਿੰਦਰ ਰਵੀ): ਜ਼ਿਲ੍ਹਾ ਅਦਾਲਤ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਅਦਾਲਤ ਅੰਦਰ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੰਮ ਕਰ ਰਹੇ ਸਾਰੇ ਜੱਜ ਆਪਣੀਆਂ ਅਦਾਲਤਾਂ ਛੱਡ ਕੇ ਚਲੇ ਗਏ ਜਦਕਿ ਬਾਕੀ ਸਾਰਾ ਸਟਾਫ਼ ਵੀ ਕੰਪਲੈਕਸ ਤੋਂ ਬਾਹਰ ਆ ਗਿਆ। ਸੂਚਨਾ ਮਿਲਦਿਆਂ ਹੀ ਡੀ ਐੱਸ ਪੀ ਸਿਟੀ ਸਤਵੀਰ ਬੈਂਸ, ਡੀ ਐੱਸ ਪੀ ਬਲਜੀਤ ਸਿੰਘ ਢਿੱਲੋਂ, ਡੀ ਐੱਸ ਪੀ (ਡੀ) ਰਜਿੰਦਰ ਪਾਲ ਸਿੰਘ, ਥਾਣਾ ਸਿਟੀ-1 ਦੇ ਐੱਸ ਐੱਚ ਓ ਇੰਸਪੈਕਟਰ ਲਖਵਿੰਦਰ ਸਿੰਘ, ਟਰੈਫਿਕ ਪੁਲੀਸ ਦੇ ਇੰਚਾਰਜ ਸ਼ੇਰਵਿੰਦਰ ਸਿੰਘ ਅਤੇ ਥਾਣਾ ਸਿਟੀ-2 ਦੇ ਐੱਸ ਐੱਚ ਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ ਜਿਨ੍ਹਾਂ ਤਲਾਸ਼ੀ ਸ਼ੁਰੂ ਕੀਤੀ। ਬੰਬ ਨਿਰੋਧਕ ਦਸਤਿਆਂ ਰਾਹੀਂ ਅਦਾਲਤੀ ਕੰਪਲੈਕਸ ਦੇ ਅੰਦਰੂਨੀ ਕਮਰਿਆਂ ਦੇ ਤਲਾਸ਼ੀ ਲਈ ਗਈ।

